ਮੈਂ ਨਹੀਂ ਡਰਦਾ, ਸੱਚ ਬੋਲਣਾ ਜਾਰੀ ਰੱਖਾਂਗਾ: ਤੇਜਸਵੀ
ਰਾਸ਼ਟਰੀ ਜਨਤਾ ਦਲ (RJD) ਦੇ ਨੇਤਾ ਤੇਜਸਵੀ ਯਾਦਵ ਨੇ ਮਹਾਰਾਸ਼ਟਰ ਵਿੱਚ ਉਨ੍ਹਾਂ ਵਿਰੁੱਧ ਦਰਜ ਕੀਤੀ ਗਈ FIR ਦੇ ਜਵਾਬ ਵਿੱਚ ਕਿਹਾ,“ ਮੈਂ ਨਹੀਂ ਡਰਦਾ ਅਤੇ ਸੱਚ ਬੋਲਣਾ ਜਾਰੀ ਰੱਖਾਂਗਾ।”
ਦਰਅਸਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੇ ਬਿਹਾਰ ਦੌਰੇ ਤੋਂ ਪਹਿਲਾਂ ਯਾਦਵ ’ਤੇ ਉਨ੍ਹਾਂ ਦੇ ਐਕਸ ਹੈਂਡਲ ’ਤੇ ਇੱਕ ਪੋਸਟ ਲਈ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਮੋਦੀ ਦੇ ਲੋਕਾਂ ਨਾਲ ਕੀਤੇ ਵਾਅਦੇ ‘ਜੁਮਲਾ’ ਸਨ।
ਤੇਜਸਵੀ ਨੇ ਆਪਣੇ ਐਕਸ ਪੋਸਟ ਵਿੱਚ ਕਿਹਾ, “ ਇਹ ਮਾਮਲਾ ਮੇਰੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਹੈ ਪਰ ਮੈਂ ਸੱਚਾਈ ਅਤੇ ਨਿਆਂ ਲਈ ਲੜਦਾ ਰਹਾਂਗਾ।” ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਕਾਨੂੰਨੀ ਤਰੀਕੇ ਨਾਲ ਇਸ ਮਾਮਲੇ ਦਾ ਸਾਹਮਣਾ ਕਰਨਗੇ ਅਤੇ ਆਪਣੇ ਵਿਰੋਧੀਆਂ ਦੇ ‘ਦਬਾਅ ਦੀ ਰਾਜਨੀਤੀ’ ਅੱਗੇ ਨਹੀਂ ਝੁਕਣਗੇ।
ਯਾਦਵ ਨੇ ਕਿਹਾ, “ ਐਫਆਈਆਰ ਤੋਂ ਕੌਣ ਡਰਦਾ ਹੈ? ਕੀ ਜੁਮਲਾ ਇੱਕ ਇਤਰਾਜ਼ਯੋਗ ਸ਼ਬਦ ਹੈ? ਮੈਂ ਸਿਰਫ਼ ਸੱਚ ਕਹਿ ਰਿਹਾ ਸੀ ਅਤੇ ਮੈਂ ਅਜਿਹਾ ਕਰਦਾ ਰਹਾਂਗਾ। ਉਹ ਮੇਰੇ ਵਿਰੁੱਧ ਜਿੰਨੇ ਮਰਜ਼ੀ ਮਾਮਲੇ ਦਰਜ ਕਰ ਸਕਦੇ ਹਨ।”
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਉੱਤਰੀ ਬਿਹਾਰ ਜ਼ਿਲ੍ਹੇ ਕਟਿਹਾਰ ਵਿੱਚ ਮੱਛੀ ਮੰਡੀਆਂ ਅਤੇ ਮਖਾਨਾ ਖੇਤਾਂ ਦਾ ਦੌਰਾ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਲ ਗੱਲ ਕੀਤੀ, ਜੋ ‘ਵੋਟਰ ਅਧਿਕਾਰ ਯਾਤਰਾ’ ਦੇ ਹਿੱਸੇ ਵਜੋਂ ਸੂਬੇ ਦਾ ਦੌਰਾ ਕਰ ਰਹੇ ਹਨ।
ਯਾਦਵ ਦੇ ਕਰੀਬੀ ਸਹਿਯੋਗੀ ਅਤੇ ਰਾਜ ਸਭਾ ਮੈਂਬਰ ਸੰਜੇ ਯਾਦਵ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਐਫਆਈਆਰ ਨੂੰ ਲੈ ਕੇ ਭਾਜਪਾ ਵਿਰੁੱਧ ਭੜਾਸ ਕੱਢੀ।
ਉੱਧਰ ਰਾਜ ਸਭਾ ਮੈਂਬਰ ਅਖਿਲੇਸ਼ ਯਾਦਵ ਨੇ ਵੀ ਐਫ਼ਆਈਆਰ ਨੁੂੰ ‘ਸਿਆਸੀ ਬਦਲਾਖੋਰੀ’ ਦੱਸਿਆ।