ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੋਟ ਚੋਰੀ ਦੇ ‘ਐਟਮ ਬੰਬ’ ਮਗਰੋਂ ਆਉਣ ਵਾਲਾ ਹੈ ‘ਹਾਈਡ੍ਰੋਜਨ ਬੰਬ’: ਰਾਹੁਲ

‘ਵੋਟਰ ਅਧਿਕਾਰ ਯਾਤਰਾ’ ਦੀ ਸਮਾਪਤੀ ਮੌਕੇ ਕੀਤਾ ਦਾਅਵਾ
ਪਟਨਾ ਵਿੱਚ ‘ਵੋਟ ਅਧਿਕਾਰ ਯਾਤਰਾ’ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ‘ਵੋਟ ਚੋਰੀ’ ਨਾਲ ਜੁੜੇ ਆਪਣੇ ਖੁਲਾਸਿਆਂ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਕਿਹਾ ਕਿ ‘ਐਟਮ ਬੰਬ’ ਤੋਂ ਬਾਅਦ ਹੁਣ ‘ਹਾਈਡ੍ਰੋਜਨ ਬੰਬ’ ਆਉਣ ਵਾਲਾ ਹੈ। ਉਨ੍ਹਾਂ ‘ਵੋਟਰ ਅਧਿਕਾਰ ਯਾਤਰਾ’ ਦੀ ਸਮਾਪਤੀ ਮੌਕੇ ਇਹ ਦਾਅਵਾ ਵੀ ਕੀਤਾ ਕਿ ਵੋਟ ਚੋਰੀ ਦਾ ‘ਹਾਈਡ੍ਰੋਜਨ ਬੰਬ’ ਆਉਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ‘ਵੋਟ ਚੋਰੀ’ ਦਾ ਅਰਥ ਹੈ ਅਧਿਕਾਰਾਂ, ਰਾਖਵੇਂਕਰਨ, ਰੁਜ਼ਗਾਰ, ਸਿੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਦੀ ਚੋਰੀ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵੋਟ ਚੋਰੀ ਤੋਂ ਬਾਅਦ ਲੋਕਾਂ ਦੇ ਰਾਸ਼ਨ ਕਾਰਡ ਅਤੇ ਜ਼ਮੀਨ ਖੋਹ ਲਈ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ (ਭਾਜਪਾ) ਨੂੰ ਸੰਵਿਧਾਨ ਖ਼ਤਮ ਨਹੀਂ ਕਰਨ ਦੇਵਾਂਗੇ।’’ ਕਾਂਗਰਸ ਆਗੂ ਨੇ ਮੁੜ ਦਾਅਵਾ ਕੀਤਾ ਕਿ ਪਿਛਲੇ ਸਾਲ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਚੋਰੀ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ, ‘‘ਭਾਜਪਾ ਦੇ ਲੋਕੋ, ਤਿਆਰ ਹੋ ਜਾਓ, ਹਾਈਡ੍ਰੋਜਨ ਬੰਬ ਆ ਰਿਹਾ ਹੈ। ਤੁਹਾਡੀ ਵੋਟ ਚੋਰੀ ਪੂਰੇ ਦੇਸ਼ ਸਾਹਮਣੇ ਬੇਨਕਾਬ ਹੋਣ ਜਾ ਰਹੀ ਹੈ।’’

Advertisement

ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਦੇ ਕਈ ਹੋਰ ਆਗੂਆਂ ਨੇ ਗਾਂਧੀ ਮੈਦਾਨ ਤੋਂ ਡਾਕ ਬੰਗਲਾ ਚੌਕ ਤੱਕ ਖੁੱਲ੍ਹੇ ਵਾਹਨ ਵਿੱਚ ਸਵਾਰ ਹੋ ਕੇ ਮਾਰਚ ਕੱਢਿਆ। ‘ਵੋਟਰ ਅਧਿਕਾਰ ਯਾਤਰਾ’ 25 ਜ਼ਿਲ੍ਹਿਆਂ ਦੇ 110 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੀ ਅਤੇ ਇਸ ਦੌਰਾਨ 1300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਡੀ ਐੱਮ ਕੇ ਆਗੂ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ। ਸਾਸਾਰਾਮ ਤੋਂ 17 ਅਗਸਤ ਨੂੰ ਸ਼ੁਰੂ ਹੋਈ ਇਸ ਯਾਤਰਾ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਗੱਠਜੋੜ ਦੀ ਵਿਆਪਕ ਚੋਣ ਮੁਹਿੰਮ ਵਜੋਂ ਦੇਖਿਆ ਜਾ ਰਿਹਾ ਹੈ।

ਬਿਹਾਰ ਵਿੱਚ ਇਸ ਸਾਲ ਦੇ ਅਖ਼ੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਯਾਤਰਾ ਰੋਹਤਾਸ, ਔਰੰਗਾਬਾਦ, ਗਯਾਜੀ, ਨਵਾਦਾ, ਸ਼ੇਖਪੁਰਾ, ਨਾਲੰਦਾ, ਲਖੀਸਰਾਏ, ਮੁੰਗੇਰ, ਕਟਿਹਾਰ, ਪੂਰਨੀਆ, ਸੁਪੌਲ, ਮਧੂਬਨੀ, ਦਰਭੰਗਾ, ਮੁਜ਼ੱਫਰਪੁਰ, ਸੀਤਾਮੜੀ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਗੋਪਾਲਗੰਜ, ਸੀਵਾਨ, ਸਾਰਨ, ਭੋਜਪੁਰ ਅਤੇ ਕੁਝ ਹੋਰ ਇਲਾਕਿਆਂ ਵਿੱਚੋਂ ਲੰਘੀ।

Advertisement
Show comments