ਬੰਬ ਦੀ ਧਮਕੀ ਕਾਰਨ ਹੈਦਰਾਬਾਦ ਜਾਣ ਵਾਲੀ ਉਡਾਣ ਮੁੰਬਈ ਭੇਜੀ
Hyderabad-bound IndiGo flight diverted to Mumbai after 'human bomb' threat, aircraft lands safely ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰ.ਜੀ.ਆਈ.ਏ.) ਹਵਾਈ ਅੱਡੇ ਵਿਚ ਅੱਜ ਧਮਕੀ ਭਰਿਆ ਈਮੇਲ ਮਿਲਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਜੇਦਾਹ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਮਨੁੱਖੀ ਬੰਬ ਹੈ, ਜਿਸ ਤੋਂ ਬਾਅਦ ਜਹਾਜ਼ ਨੂੰ ਮੁੰਬਈ ਭੇਜਿਆ ਗਿਆ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ।
ਹਵਾਈ ਅੱਡਾ ਅਧਿਕਾਰੀਆਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 5.30 ਵਜੇ ਧਮਕੀ ਭਰਿਆ ਈਮੇਲ ਮਿਲਿਆ ਜਿਸ ਵਿੱਚ ਉਨ੍ਹਾਂ ਨੂੰ ਹੈਦਰਾਬਾਦ ਵਿੱਚ ਇੰਡੀਗੋ ਉਡਾਣ ਨੂੰ ਉਤਰਨ ਤੋਂ ਰੋਕਣ ਦੀ ਚਿਤਾਵਨੀ ਦਿੱਤੀ ਗਈ। ਧਮਕੀਆਂ ਦੇਣ ਵਾਲਿਆਂ ਨੇ ਲਿਖਿਆ ਕਿ ਇਸ ਵਾਰਦਾਤ ਨੂੰ ਲਿੱਟੇ ਆਈ ਐਸ ਆਈ LTTE-ISI ਦੇ ਕਾਰਕੁਨਾਂ ਨੇ ਵੱਡੇ ਧਮਾਕੇ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਪੁਲੀਸ ਵਲੋਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਅਤੇ ਉਡਾਣ ਨੂੰ ਮੁੰਬਈ ਹਵਾਈ ਅੱਡੇ ਮੋੜ ਦਿੱਤਾ ਗਿਆ ਸੀ ਜਿੱਥੇ ਉਡਾਣ ਨੂੰ ਸੁਰੱਖਿਅਤ ਉਤਾਰਿਆ ਗਿਆ। ਪੁਲੀਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਇੰਡੀਗੋ ਦੇ ਬੁਲਾਰੇ ਨੇ ਕਿਹਾ, ‘ਪਹਿਲੀ ਨਵੰਬਰ ਨੂੰ ਜੇਦਾਹ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਫਲਾਈਟ 6E 68 ਲਈ ਬੰਬ ਦੀ ਧਮਕੀ ਮਿਲੀ ਸੀ ਅਤੇ ਜਹਾਜ਼ ਨੂੰ ਸੁਰੱਖਿਆ ਕਾਰਨਾਂ ਕਰ ਕੇ ਮੁੰਬਈ ਵੱਲ ਭੇਜਿਆ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਚਾਰ ਮਹੀਨੇ ਪਹਿਲਾਂ ਵੀ ਵੱਡੇ ਪੱਧਰ ’ਤੇ ਹਵਾਈ ਉਡਾਣਾਂ ਵਿਚ ਬੰਬ ਹੋਣ ਦੀਆਂ ਧਮਕੀਆਂ ਮਿਲੀਆਂ ਸਨ। ਪੀਟੀਆਈ
