ਵੀਹ ਸਾਲ ਪੁਰਾਣੇ ਵਾਹਨਾਂ ਦੀ ਫਿਟਨੈੱਸ ਟੈਸਟ ਫੀਸ ’ਚ ਭਾਰੀ ਵਾਧਾ
ਸਰਕਾਰ ਨੇ ਪੁਰਾਣੇ ਵਾਹਨ ਨਵਿਆਉਣ ਦੀ ਫੀਸ ਵਧਾਉਣ ਤੋਂ ਕੁੱਝ ਮਹੀਨਿਆਂ ਮਗਰੋਂ 20 ਸਾਲ ਤੋਂ ਵੱਧ ਪੁਰਾਣੇ ਮੋਟਰ ਵਾਹਨਾਂ ਲਈ ਫਿਟਨੈੱਸ ਟੈਸਟ ਫੀਸ ਵੀ ਵਧਾ ਦਿੱਤੀ ਹੈ ਤਾਂ ਜੋ ਲੋਕ ਇਸ ਨੂੰ ਰੱਖਣ ਤੋਂ ਬਚਣ। ਦੋ ਦਹਾਕੇ ਪੁਰਾਣੇ ਦੁਪਹੀਆ ਵਾਹਨਾਂ ਦੀ ਫਿਟਨੈੱਸ ਫੀਸ ਵੀ 600 ਰੁਪਏ ਤੋਂ 2000 ਰੁਪਏ ਕਰ ਦਿੱਤੀ ਗਈ ਹੈ। ਸੜਕ ਆਵਾਜਾਈ ਤੇ ਹਾਈਵੇਅ ਮੰਤਰਾਲੇ ਨੇ 11 ਨਵੰਬਰ ਨੂੰ ਜਾਰੀ ਤਾਜ਼ਾ ਨੋਟੀਫਿਕੇਸ਼ਨ ’ਚ ਕਿਹਾ ਕਿ ਹੁਣ ਵਪਾਰਕ ਵਾਹਨਾਂ ਲਈ ਉੱਚ ਫੀਸ ਸਲੈਬ 15 ਸਾਲ ਦੀ ਥਾਂ ਦਸ ਸਾਲ ਤੋਂ ਸ਼ੁਰੂ ਹੋਵੇਗੀ। ਇਸ ਨਾਲ ਹੋਰ ਵਾਹਨ ਨਵੀਂ ਫੀਸ ਦੇ ਦਾਇਰੇ ’ਚ ਆਉਣਗੇ। ਫਿਟਨੈੱਸ ਟੈਸਟਿੰਗ ਲਈ ਤਿੰਨ ਉਮਰ ਵਰਗ 10-15 ਸਾਲ, 15-20 ਸਾਲ ਅਤੇ 20 ਤੋਂ ਵੱਧ ਤੈਅ ਕੀਤੇ ਗਏ ਹਨ। ਨੋਟੀਫਿਕੇਸ਼ਨ ਅਨੁਸਾਰ, 20 ਸਾਲ ਤੋਂ ਵੱਧ ਪੁਰਾਣੇ ਹਲਕੇ ਮੋਟਰ ਵਾਹਨਾਂ ਨਵਿਆਉਣ ਦੀ ਫ਼ੀਸ ਦਸ ਹਜ਼ਾਰ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। 20 ਸਾਲ ਪੁਰਾਣੇ ਭਾਰੀ ਟਰੱਕਾਂ ’ਤੇ ਬੱਸਾਂ ਲਈ ਫਿਟਨੈੱਸ ਟੈਸਟ ਫੀਸ ਵਿੱਚ ਭਾਰੀ ਸੋਧ ਕੀਤੀ ਗਈ ਹੈ। ਉਨ੍ਹਾਂ ਨੂੰ ਹੁਣ ਫਿਟਨੈੱਸ ਟੈਸਟ ਲਈ 25,000 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਫੀਸ 3,500 ਰੁਪਏ ਸੀ। ਇਸੇ ਉਮਰ ਵਰਗ ਦੇ ਦਰਮਿਆਨੇ ਵਪਾਰਕ ਵਾਹਨਾਂ ਨੂੰ ਹੁਣ 20,000 ਰੁਪਏ ਦੇਣੇ ਪੈਣਗੇ ਅਤੇ 20 ਸਾਲ ਤੋਂ ਵੱਧ ਪੁਰਾਣੇ ਹਲਕੇ ਵਾਹਨਾਂ ਦੇ ਫਿਟਨੈੱਸ ਟੈਸਟ ਦੀ ਕੀਮਤ 15,000 ਰੁਪਏ ਹੋਵੇਗੀ।
