ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 9 ਲੱਖ ਕਰੋੜ ਡੁੱਬੇ
ਮੁੰਬਈ, 28 ਫਰਵਰੀ
ਅਮਰੀਕਾ ਵੱਲੋਂ ਚੀਨ ਤੋਂ ਦਰਾਮਦ ਵਸਤਾਂ ’ਤੇ 10 ਫ਼ੀਸਦ ਵਾਧੂ ਟੈਕਸ ਲਾਉਣ ਦੇ ਐਲਾਨ ਮਗਰੋਂ ਸ਼ੁੱਕਰਵਾਰ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ਸਮੇਤ ਆਲਮੀ ਪੱਧਰ ’ਤੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦਰਜ ਹੋਈ। ਸੈਂਸੈਕਸ ਅਤੇ ਨਿਫ਼ਟੀ ਲਗਭਗ 2 ਫ਼ੀਸਦੀ ਡਿੱਗ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,414.33 ਅੰਕ ਜਾਂ 1.90 ਫ਼ੀਸਦੀ ਡਿੱਗ ਕੇ 73,198.10 ’ਤੇ ਬੰਦ ਹੋਇਆ। ਉਧਰ ਲਗਾਤਾਰ ਅੱਠਵੇਂ ਦਿਨ ਨਿਫਟੀ 420.35 ਅੰਕ ਜਾਂ 1.86 ਫ਼ੀਸਦੀ ਡਿੱਗ ਕੇ 22,124.70 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ’ਚ ਅੱਜ ਦੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ 9 ਲੱਖ ਕਰੋੜ ਰੁਪਏ ਡੁੱਬ ਗਏ। ਅੱਜ ਦੀ ਭਾਰੀ ਗਿਰਾਵਟ ਨਾਲ ਸੈਂਸੈਕਸ ਪਿਛਲੇ ਸਾਲ 27 ਸਤੰਬਰ ਨੂੰ ਹਾਸਲ 85,978.25 ਦੇ ਆਪਣੇ ਰਿਕਾਰਡ ਸਿਖਰ ਤੋਂ ਹੁਣ ਤੱਕ 12,780.15 ਅੰਕ ਯਾਨੀ 14.86 ਫ਼ੀਸਦ ਡਿੱਗ ਚੁੱਕਿਆ ਹੈ। ਉਧਰ ਐੱਨਐੱਸਈ ਨਿਫਟੀ 27 ਸਤੰਬਰ, 2024 ਨੂੰ 26,277.35 ਦੇ ਆਪਣੇ ਸਭ ਤੋਂ ਉਪਰਲੇ ਪੱਧਰ ਤੋਂ ਹੁਣ ਤੱਕ ਕੁੱਲ 4,152.65 ਅੰਕ ਯਾਨੀ 15.80 ਫ਼ੀਸਦ ਟੁੱਟ ਚੁੱਕਿਆ ਹੈ। ਟੈੱਕ ਮਹਿੰਦਰਾ ਦੇ ਸ਼ੇਅਰ ’ਚ ਛੇ ਫ਼ੀਸਦ ਤੋਂ ਵਧ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਇੰਡਸਇੰਡ ਬੈਂਕ ਪੰਜ ਫ਼ੀਸਦ ਤੋਂ ਵੱਧ ਹੇਠਾਂ ਡਿੱਗਿਆ। ਇਨ੍ਹਾਂ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਇੰਫੋਸਿਸ, ਟਾਟਾ ਮੋਟਰਜ਼, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੈਸਲੇ ਅਤੇ ਮਾਰੂਤੀ ਦੇ ਸ਼ੇਅਰਾਂ ’ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। -ਪੀਟੀਆਈ
ਤੂਹਿਨ ਕਾਂਤਾ ਪਾਂਡੇ ਸੇਬੀ ਦੇ ਨਵੇਂ ਚੇਅਰਮੈਨ
ਸਰਕਾਰ ਨੇ ਵਿੱਤ ਤੇ ਮਾਲੀਆ ਸਕੱਤਰ ਤੂਹਿਨ ਕਾਂਤਾ ਪਾਂਡੇ ਨੂੰ ਮਾਰਕੀਟ ਰੈਗੂਲੇਟਰ ਸੇਬੀ (ਭਾਰਤੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਹ ਮਾਧਵੀ ਪੁਰੀ ਬੁਚ ਦੀ ਥਾਂ ਲੈਣਗੇ, ਜਿਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਅੱਜ (28 ਫਰਵਰੀ ਨੂੰ) ਖ਼ਤਮ ਹੋ ਰਿਹਾ ਹੈ। ਸਰਕਾਰ ਵੱਲੋਂ ਦੇਰ ਰਾਤ ਜਾਰੀ ਹੁਕਮਾਂ ਮੁਤਾਬਕ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ 1987 ਬੈਚ ਦੇ ਆਈਏਐੱਸ ਅਧਿਕਾਰੀ ਪਾਂਡੇ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਂਡੇ ਇਸ ਵੇਲੇ ਵਿੱਤ ਤੇ ਮਾਲੀਆ ਵਿਭਾਗ ਵਿਚ ਸਕੱਤਰ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੇ ਸਨ। ਪਾਂਡੇ ਦੀ ਨਿਯੁਕਤੀ ਅਹੁਦੇ ਦਾ ਚਾਰਜ ਲੈਣ ਵਾਲੇ ਦਿਨ ਤੋਂ ਤਿੰਨ ਸਾਲਾਂ ਲਈ ਹੋਵੇਗੀ। ਇਸੇ ਦੌਰਾਨ ਸੇਬੀ ਨੇ ਕਾਰਪੋਰੇਟ ਬਾਂਡਾਂ ਲਈ ਇੱਕ ਕੇਂਦਰੀਕ੍ਰਿਤ ਡੇਟਾਬੇਸ ਪੋਰਟਲ ‘ਬਾਂਡ ਸੈਂਟਰਲ’ ਲਾਂਚ ਕੀਤਾ ਹੈ ਜਿਸ ਨੂੰ ਆਨਲਾਈਨ ਬਾਂਡ ਪਲੈਟਫਾਰਮ ਪ੍ਰੋਵਾਈਡਰਜ਼ ਐਸੋਸੀਏਸ਼ਨ ਨੇ ਵਿਕਸਿਤ ਕੀਤਾ ਹੈ।ਭਾਰਤ ਦੀ ਪਹਿਲੀ ਮਹਿਲਾ ਸੇਬੀ ਮੁਖੀ ਮਾਧਵੀ ਪੁਰੀ ਬੁਚ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਮਗਰੋਂ ਅੱਜ ਸੇਵਾਮੁਕਤ ਹੋਏ ਹਨ। ਉਹ ਹਾਲ ਹੀ ਵਿੱਚ ਕਥਿਤ ਹਿੱਤਾਂ ਦੇ ਟਕਰਾਓ ਨੂੰ ਲੈ ਕੇ ਚਰਚਾ ’ਚ ਰਹੇ ਹਨ। ਸੇਬੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬੁੱਚ ਨੇ ਦੋ ਮਾਰਚ 2022 ਨੂੰ ਤਿੰਨ ਸਾਲ ਲਈ ਅਹੁਦਾ ਸੰਭਾਲਿਆ ਸੀ। -ਪੀਟੀਆਈ