ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਅਪਰੇਸ਼ਨ ਸਿੰਧੂਰ’ ਨੂੰ ਅੰਜਾਮ ਦੇਣ ਵਾਲੇ ਅਧਿਕਾਰੀਆਂ ਦਾ ਸਨਮਾਨ

ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਵਾਈਸ ਚੀਫ਼ ਆਫ਼ ਏਅਰ ਸਟਾਫ ਸ਼ਾਮਲ
Advertisement

ਭਾਰਤ ਨੇ 79ਵੇਂ ਆਜ਼ਾਦੀ ਦਿਹਾੜੇ ਦੀ ਪੂਰਵਲੀ ਸੰਧਿਆ ਫ਼ੌਜੀ ਸਨਮਾਨਾਂ ਦੀ ਆਪਣੀ ਸਾਲਾਨਾ ਸੂਚੀ ਵਿੱਚ ਹਥਿਆਰਬੰਦ ਬਲਾਂ ਦੇ ਮੁਲਾਜ਼ਮਾਂ ਦੀਆਂ ਬਹਾਦਰੀ ਸਬੰਧੀ ਕਾਰਵਾਈਆਂ ਅਤੇ ‘ਅਪਰੇਸ਼ਨ ਸਿੰਧੂਰ’ ਦੀ ਯੋਜਨਾਬੰਦੀ ਤੇ ਇਸ ਨੂੰ ਅੰਜਾਮ ਦੇਣ ਵਾਲੇ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਭੂਮਿਕਾ ਨੂੰ ਮਾਨਤਾ ਦਿੱਤੀ ਹੈ। ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਭਾਰਤੀ ਹਵਾਈ ਫੌਜ ਦੇ ਉਹ ਪਾਇਲਟ ਸ਼ਾਮਲ ਹਨ ਜੋ ਕਿ ਪਾਕਿਸਤਾਨ ਵਿਚਲੇ ਅਤਿਵਾਦੀ ਅਤੇ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰਨ ਸਬੰਧੀ ਕਾਰਵਾਈਆਂ ’ਚ ਸ਼ਾਮਲ ਸਨ। ਇਨ੍ਹਾਂ ਫੌਜੀ ਅਧਿਕਾਰੀਆਂ ਵਿੱਚ ਉਹ ਪਾਇਲਟ ਵੀ ਸ਼ਾਮਲ ਹਨ ਜਿਹੜੇ ਕਿ ਐੱਸ-400 ਹਵਾਈ ਰੱਖਿਆ ਪ੍ਰਣਾਲੀਆਂ ਨੂੰ ਸੰਭਾਲ ਰਹੇ ਸਨ। ਇਨ੍ਹਾਂ ਹਵਾਈ ਪ੍ਰਣਾਲੀਆਂ ਨੇ 7 ਤੋਂ 10 ਮਈ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਹੋਏ ਫੌਜੀ ਟਕਰਾਅ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।ਵਾਈਸ ਚੀਫ਼ ਆਫ਼ ਏਅਰ ਸਟਾਫ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ, ਡਿਪਟੀ ਚੀਫ਼ ਆਫ਼ ਏਅਰ ਸਟਾਫ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ, ਭਾਰਤੀ ਫ਼ੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ (ਡੀਜੀਐੱਮਓ) ਲੈਫ਼ਟੀਨੈਂਟ ਜਨਰਲ ਰਾਜੀਵ ਘਈ ਅਤੇ ਫੌਜ ਦੀ ਉੱਤਰੀ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸਣੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨੂੰ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਖਣ-ਪੱਛਮੀ ਏਅਰ ਕਮਾਂਡ ਅਤੇ ਪੱਛਮੀ ਏਅਰ ਕਮਾਂਡ ਦੇ ਮੁਖੀ ਏਅਰ ਮਾਰਸ਼ਲ ਨਾਗੇਸ਼ ਕਪੂਰ ਅਤੇ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਵੀ ਸਰਵੋਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਵਾਈਸ ਐਡਮਿਰਲ ਸੰਜੈ ਜਸਜੀਤ ਸਿੰਘ ਜਿਨ੍ਹਾਂ ਨੇ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਵਜੋਂ ਪਹਿਲਗਾਮ ਹਮਲੇ ਤੋਂ ਬਾਅਦ ਜਲ ਸੈਨਾ ਦੀ ਤਾਇਨਾਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਨੂੰ ਵੀ ਸਰਵੋਤਮ ਯੁੱਧ ਸੇਵਾ ਮੈਡਲ ਲਈ ਨਾਮਜ਼ਦ ਕੀਤਾ ਗਿਆ ਹੈ। ਡਿਪਟੀ ਚੀਫ਼ ਆਫ਼ ਨੇਵਲ ਸਟਾਫ ਵਾਈਸ ਐਡਮਿਰਲ ਤਰੁਨ ਸੋਬਤੀ ਜਿਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਜਲ ਸੈਨਾ ਦੀ ਤਾਇਨਾਤੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਨੂੰ ਉੱਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਦੇ ਨੌਂ ਪਾਇਲਟਾਂ ਨੂੰ ਵੱਕਾਰੀ ਵਾਯੂ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। -ਪੀਟੀਆਈ

ਬੀਐੱਸਐੱਫ ਦੇ ਦੋ ਜਵਾਨਾਂ ਨੂੰ ਮਰਨ ਉਪਰੰਤ ਵੀਰ ਚੱਕਰ

ਨਵੀਂ ਦਿੱਲੀ: ‘ਅਪਰੇਸ਼ਨ ਸਿੰਧੂਰ’ ਦੌਰਾਨ ਆਪਣੀ ਜਾਨ ਕੁਰਬਾਨ ਕਰਨ ’ਤੇ ਬੀਐੱਸਐੱਫ ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ ਅਤੇ ਕਾਂਸਟੇਬਲ ਦੀਪਕ ਚਿੰਗਾਖਮ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਬੀਐੱਸਐੱਫ ਦੇ 18 ਜਵਾਨਾਂ ਨੂੰ ਬਹਾਦਰੀ ਮੈਡਲ ਮਿਲਣਗੇ। ਉਨ੍ਹਾਂ ਦੇ ਬੰਕਰ ’ਤੇ ਮੋਰਟਾਰ ਡੇਗਿਆ ਜਿਸ ਨਾਲ ਇਮਤਿਆਜ ਤੇ ਦੀਪਕ ਜ਼ਖ਼ਮੀ ਹੋ ਗਏ ਸਨ ਅਤੇ ਬਾਅਦ ’ਚ ਉਹ ਦਮ ਤੋੜ ਗਏ ਸਨ। -ਪੀਟੀਆਈ

Advertisement

ਰਾਸ਼ਟਰਪਤੀ ਵੱਲੋਂ 127 ਬਹਾਦਰੀ ਤੇ 40 ਵਿਸ਼ਿਸ਼ਟ ਸੇਵਾ ਪੁਰਸਕਾਰਾਂ ਨੂੰ ਮਨਜ਼ੂਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਜ਼ਾਦੀ ਦਿਹਾੜੇ ਦੀ ਪੂਰਵਲੀ ਸੰਧਿਆ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਮੁਲਾਜ਼ਮਾਂ ਲਈ 127 ਬਹਾਦਰੀ ਪੁਰਸਕਾਰ ਅਤੇ 40 ਵਿਸ਼ਿਸ਼ਟ ਸੇਵਾ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਚਾਰ ਕੀਰਤੀ ਚੱਕਰ, 15 ਵੀਰ ਚੱਕਰ, 16 ਸ਼ੌਰਿਆ ਚੱਕਰ, ਦੋ ਬਾਰ ਟੂ ਸੈਨਾ ਮੈਡਲ (ਬਹਾਦਰੀ), 58 ਸੈਨਾ ਮੈਡਲ (ਬਹਾਦਰੀ), ਛੇ ਨੌ ਸੈਨਾ ਮੈਡਲ (ਬਹਾਦਰੀ) ਅਤੇ 26 ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ। ਇਨ੍ਹਾਂ ਪੁਰਸਕਾਰਾਂ ਵਿੱਚ ਸੱਤ ਸਰਵੋਤਮ ਯੁੱਧ ਸੇਵਾ ਮੈਡਲ, ਨੌਂ ਉੱਤਮ ਯੁੱਧ ਸੇਵਾ ਮੈਡਲ ਅਤੇ 24 ਯੁੱਧ ਸੇਵਾ ਮੈਡਲ ਵੀ ਸ਼ਾਮਲ ਸਨ। ਰਾਸ਼ਟਰਪਤੀ ਨੇ 290 ਮੈਨਸ਼ਨ-ਇਨ-ਡਿਸਪੈਚਿਜ਼ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚੋਂ 115 ਭਾਰਤੀ ਫ਼ੌਜ, ਪੰਜ ਭਾਰਤੀ ਜਲ ਸੈਨਾ ਅਤੇ 167 ਭਾਰਤੀ ਹਵਾਈ ਸੈਨਾ ਨਾਲ ਸਬੰਧਤ ਹਨ।

Advertisement