ਇਤਿਹਾਸਕਾਰਾਂ ਨੇ ਪਾਸੀ ਸਮਾਜ ਅਣਗੌਲਿਆ ਕੀਤਾ: ਰਾਜਨਾਥ
ਦਲਿਤਾਂ, ਆਦਿਵਾਸੀਆਂ ਅਤੇ ਅੌਰਤਾਂ ਦੀ ਕੁਰਬਾਨੀ ਨੂੰ ਵੀ ਢੁੱਕਵਾਂ ਸਥਾਨ ਨਾ ਦੇਣ ਦਾ ਲਾਇਆ ਦੋਸ਼
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖੱਬੇ ਪੱਖੀ ਇਤਿਹਾਸਕਾਰਾਂ ਅਤੇ ਪਹਿਲਾਂ ਦੀਆਂ ਸਰਕਾਰਾਂ ’ਤੇ ਪਾਸੀ ਸਮਾਜ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਵੱਲੋਂ ਮੁਲਕ ਦੇ ਆਜ਼ਾਦੀ ਸੰਘਰਸ਼ ’ਚ ਪਾਏ ਯੋਗਦਾਨ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਹੈ। ਇਥੇ ਵੀਰਾਂਗਣਾ ਊਦਾ ਦੇਵੀ ਪਾਸੀ ਦੀ ਯਾਦ ’ਚ ਕਰਵਾਏ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ, ‘‘ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਅਕਸਰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਰਿਹਾ, ਜਿਵੇਂ ਕੁਝ ਹੀ ਪਰਿਵਾਰਾਂ, ਚੋਣਵੇਂ ਆਗੂਆਂ ਜਾਂ ਖਾਸ ਵਰਗਾਂ ਨੇ ਹੀ ਉਸ ਦੀ ਅਗਵਾਈ ਕੀਤੀ ਹੋਵੇ। ਦਲਿਤਾਂ, ਆਦਿਵਾਸੀਆਂ, ਪੱਛੜੇ ਵਰਗਾਂ ਅਤੇ ਔਰਤਾਂ ਨੇ ਵੀ ਆਜ਼ਾਦੀ ਸੰਘਰਸ ’ਚ ਆਪਣੀ ਕੁਰਬਾਨੀ ਦਿੱਤੀ ਸੀ, ਉਹ ਵੀ ਮਾਨਤਾ ਦੇ ਹੱਕਦਾਰ ਹਨ। ਇਨ੍ਹਾਂ ਭਾਈਚਾਰਿਆਂ ’ਚੋਂ ਕਈ ਨਾਇਕਾਂ ਦੇ ਨਾਮ ਵੀ ਇਤਿਹਾਸ ਦੀਆਂ ਕਿਤਾਬਾਂ ’ਚ ਦਰਜ ਹੋਣੇ ਚਾਹੀਦੇ ਸਨ ਪਰ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ।’’ ਰੱਖਿਆ ਮੰਤਰੀ ਨੇ ਪ੍ਰਿਥਵੀਰਾਜ ਚੌਹਾਨ ਦੇ ਸਮਕਾਲੀ ਮਹਾਰਾਜਾ ਬਿਜਲੀ ਪਾਸੀ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਬਿਜਨੌਰ ਵਸਾਇਆ ਸੀ। ਉਨ੍ਹਾਂ ਦੇ ਰਾਜ ਦੌਰਾਨ 12 ਮਜ਼ਬੂਤ ਕਿਲੇ ਬਣਾਏ ਗਏ ਸਨ ਜੋ ਉਨ੍ਹਾਂ ਦੀ ਖੁਸ਼ਹਾਲੀ ਅਤੇ ਰਣਨੀਤਕ ਯੋਗਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਮਹਾਰਾਜਾ ਸਤਨ ਪਾਸੀ, ਮਹਾਰਾਜਾ ਲਖਨ ਪਾਸੀ, ਮਹਾਰਾਜਾ ਸੁਹੇਲਦੇਵ, ਰਾਣੀ ਅਵੰਤੀਬਾਈ ਅਤੇ ਊਦਾ ਦੇਵੀ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਨਾਮ ਸੁਨਹਿਰੇ ਅੱਖਰਾਂ ’ਚ ਲਿਖੇ ਜਾਣੇ ਚਾਹੀਦੇ ਹਨ। ਉਨ੍ਹਾਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਸੂਬੇ ਦੇ ਪਾਠਕ੍ਰਮ ’ਚ ਇਨ੍ਹਾਂ ਮਹਾਰਾਜਿਆਂ ਦੀ ਜਾਣਕਾਰੀ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ।
Advertisement
Advertisement
