ਰੂਸ-ਯੂਕਰੇਨ ਜੰਗ ’ਚ ਹਿਸਾਰ ਦੇ ਨੌਜਵਾਨ ਦੀ ਮੌਤ
ਰੂਸ ਦੀ ਫੌਜ ਵਿੱਚ ਧੋਖੇ ਨਾਲ ਭਰਤੀ ਕਰਨ ਮਗਰੋਂ ਯੂਕਰੇਨ ਦੀ ਜੰਗ ਵਿੱਚ ਧੱਕੇ ਗਏ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਦੇ ਦੋ ਨੌਜਵਾਨਾਂ ’ਚੋਂ ਇੱਕ ਸੋਨੂੰ (28) ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਬੁੱਧਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦੀ ਜਾਵੇਗੀ। ਰੂਸ ਸਥਿਤ ਭਾਰਤੀ ਦੂਤਘਰ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਨੂੰ ਦੇ ਪਰਿਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ। ਦੂਜੇ ਨੌਜਵਾਨ ਅਮਨ (24) ਬਾਰੇ ਸੂਚਨਾ ਮਿਲੀ ਹੈ ਕਿ ਉਹ ਜੰਗ ਵਿੱਚ ਜ਼ਖਮੀ ਹੋ ਚੁੱਕਾ ਹੈ। ਉਸ ਨੇ ਆਪਣੀ ਵੀਡੀਓ ਤੇ ਫੋਟੋ ਪਰਿਵਾਰ ਨੂੰ ਭੇਜ ਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਸੋਨੂੰ ਦੇ ਚਾਚਾ ਅਨਿਲ ਨੇ ਦੱਸਿਆ ਕਿ ਉਹ ਰੂਸ ਸਥਿਤ ਭਾਰਤੀ ਦੂਤਘਰ ਦੇ ਐਮਰਜੈਂਸੀ ਨੰਬਰ ’ਤੇ ਲਗਾਤਾਰ ਰਾਬਤਾ ਕਰਦੇ ਆ ਰਹੇ ਹਨ। ਲੰਘੇ ਦਿਨ ਉੱਥੋਂ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਸਟੀਕ ਜਾਣਕਾਰੀ ਦੇਣਗੇ। ਇਸ ਮਗਰੋਂ ਅੱਜ ਨੂੰ ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਵਿੱਚ ਸੋਨੂੰ ਦੀ ਮੌਤ ਹੋਣ ਤੇ ਉਸ ਦੀ ਲਾਸ਼ ਭੇਜਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਵੀ ਅਧਿਕਾਰੀਆਂ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਬੁੱਧਵਾਰ ਸਵੇਰੇ 5 ਵਜੇ ਹਵਾਈ ਅੱਡੇ ’ਤੇ ਪਹੁੰਚਣ ਲਈ ਕਿਹਾ ਗਿਆ।
ਦੂਜੇ ਪਾਸੇ ਅਮਨ ਦੇ ਭਰਾ ਸੁਨੀਲ ਨੇ ਦੱਸਿਆ ਕਿ ਉਸ ਨੇ 20 ਅਕਤੂਬਰ ਨੂੰ ਵੀਡੀਓ, ਫੈਮਿਲੀ ਗਰੁੱਪ ਵਿੱਚ ਭੇਜੀ ਸੀ, ਜਿਸ ਵਿੱਚ ਉਹ ਜ਼ਖਮੀ ਨਜ਼ਰ ਆ ਰਿਹਾ ਹੈ। ਵੀਡੀਓ ’ਚ ਉਸ ਨੇ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਵੀਡੀਓ ਵਿੱਚ ਅਮਨ ਦੱਸ ਰਿਹਾ ਹੈ ਕਿ ਉਸ ਨੂੰ ਸਕਿਊਰਿਟੀ ਗਾਰਡ ਵਰਗੀ ਨੌਕਰੀ ਜਾਂ ਟੋਏ ਪੁੱਟਣ ਆਦਿ ਗੱਲ ਕਹਿ ਕੇ ਭਰਤੀ ਕੀਤਾ ਗਿਆ ਸੀ ਪਰ 10-12 ਦਿਨਾਂ ਦੀ ਸਿਖਲਾਈ ਮਗਰੋਂ ਉਸ ਨੂੰ ਸਿੱਧਾ ਸਰਹੱਦ ’ਤੇ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ 3 ਸਤੰਬਰ ਨੂੰ ਅਮਨ ਨੇ ਫੋਨ ਕਰਕੇ ਦੱਸਿਆ ਸੀ ਕਿ ਉਸ ਨੂੰ ਤੇ ਸੋਨੂੰ ਨੂੰ ਝਾਂਸਾ ਦੇ ਕੇ ਰੂਸੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਤੇ ਯੂਕਰੇਨ ਜੰਗ ਵਿੱਚ ਭੇਜਣ ਦੀ ਤਿਆਰੀ ਹੈ।
ਦੱਸਣਯੋਗ ਹੈ ਕਿ ਸੋਨੂੰ ਤੇ ਅਮਨ ਪਿਛਲੇ ਸਾਲ ਮਈ ਮਹੀਨੇ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੀਜ਼ੇ ’ਤੇ ਰੂਸ ਗਏ ਸਨ। ਦੋਵਾਂ ਦਾ ਵੀਜ਼ਾ ਖਤਮ ਹੋਣ ਵਾਲਾ ਸੀ ਤੇ ਉਨ੍ਹਾਂ ਨੇ ਜਲਦੀ ਹੀ ਭਾਰਤ ਵਾਪਸ ਆਉਣਾ ਸੀ। ਸੋਨੂੰ ਦੇ ਪਿਤਾ ਸਤਬੀਰ ਦੀ ਲਗਪਗ 10-11 ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਉਸ ਦਾ ਵੱਡਾ ਭਰਾ ਵਿਕਾਸ ਮਾਨਸਿਕ ਤੌਰ ’ਤੇ ਥੋੜ੍ਹਾ ਬਿਮਾਰ ਹੈ ਤੇ ਮਾਂ ਕਮਲੇਸ਼ ਵੀ ਬਿਮਾਰ ਰਹਿੰਦੀ ਹੈ।
