ਹਿੰਦੂ ਸਮਾਜ ‘ਏਕਤਾ’ ਦੀ ਗਾਰੰਟੀ, ‘ਅਸੀਂ ਤੇ ਉਹ’ ਦਾ ਸੰਕਲਪ ਕਦੇ ਵੀ ਨਹੀਂ ਰਿਹਾ: ਭਾਗਵਤ
ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਦੀ ਤਾਕਤ ਤੇ ਕਿਰਦਾਰ ਏਕੇ ਦੀ ਗਾਰੰਟੀ ਹੈ। ਭਾਗਵਤ ਨੇ ਜ਼ੋਰ ਦੇ ਕੇ ਆਖਿਆ ਕਿ ਹਿੰਦੂ ਸਮਾਜ ਵਿਚ ‘ਅਸੀਂ ਤੇ ਉਹ’ ਦੀ ਧਾਰਨਾ ਕਦੇ ਵੀ ਮੌਜੂਦ ਨਹੀਂ ਸੀ। ਉਨ੍ਹਾਂ ‘ਸਵਦੇਸ਼ੀ’ ਤੇ ‘ਆਤਮ-ਨਿਰਭਰਤਾ’ ਦੀ ਵਕਾਲਤ ਕਰਦਿਆਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਹੋਰਨਾਂ ਮੁਲਕਾਂ ਦਾ ਰੁਖ਼ ਭਾਰਤ ਨਾਲ ਉਨ੍ਹਾਂ ਦੀ ਦੋਸਤੀ ਦੇ ਸੁਭਾਅ ਅਤੇ ਹੱਦ ਨੂੰ ਦਰਸਾਉਂਦੇ ਹਨ।
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਆਪਣੇ ਰਵਾਇਤੀ ਵਿਜੈ ਦਸ਼ਮੀ ਸੰਬੋਧਨ ਦੀ ਸ਼ੁਰੂਆਤ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਕੀਤੀ। ਭਾਗਵਤ ਨੇ ਕਿਹਾ, ‘‘ਅਸੀਂ ਅੱਜ ਵਿਜੈਦਸ਼ਮੀ ’ਤੇ ਇਕੱਠੇ ਹੋਏ ਹਾਂ। ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਦੀ ਸ਼ਤਾਬਦੀ ਹੈ। ਸੰਜੋਗ ਨਾਲ, ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਵੀ ਹੈ। ਉਹ ਇੱਕ ਢਾਲ ਬਣ ਗਏ ਅਤੇ ਇੱਕ ਵਿਦੇਸ਼ੀ ਧਰਮ ਦੇ ਹਮਲਾਵਰਾਂ ਦੇ ਅੱਤਿਆਚਾਰਾਂ ਤੋਂ ਹਿੰਦੂ ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।’’
ਇੱਥੇ ਰੇਸ਼ਿਮਬਾਗ ਵਿਚ ਆਰਐਸਐਸ ਦੀ ਸਾਲਾਨਾ ਵਿਜੈਦਸ਼ਮੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਸ੍ਰੀਲੰਕਾ, ਬੰਗਲਾਦੇਸ਼ ਵਿੱਚ ਅਸ਼ਾਂਤੀ ਅਤੇ ਨੇਪਾਲ ਵਿੱਚ ਜੈੱਨ ਜ਼ੀ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਨਾਂ ’ਤੇ ਫ਼ਿਕਰ ਜਤਾਉਂਦਿਆਂ ਕਿਹਾ ਕਿ ਇਹ ‘ਅਖੌਤੀ ਇਨਕਲਾਬ’ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਸਮਾਗਮ ਨੇ ਸੰਘ ਦੇ ਸ਼ਤਾਬਦੀ ਜਸ਼ਨਾਂ ਨੂੰ ਵੀ ਦਰਸਾਇਆ। ਆਰਐੱਸਐੱਸ ਦੀ ਸਥਾਪਨਾ 1925 ਵਿੱਚ ਦਸਹਿਰੇ ਮੌਕੇ ਨਾਗਪੁਰ ਵਿੱਚ ਮਹਾਰਾਸ਼ਟਰ ਦੇ ਇੱਕ ਡਾਕਟਰ Keshav Baliram Hedgewar ਵੱਲੋਂ ਕੀਤੀ ਗਈ ਸੀ। ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੁੱਖ ਮਹਿਮਾਨ ਵਜੋਂ ਮੌਜੂਦ ਸਨ।
ਭਾਗਵਤ ਨੇ ਕਿਹਾ, ‘‘ਹਿੰਦੂ ਸਮਾਜ ਇਕ ਜ਼ਿੰਮੇਵਾਰੀ ਵਾਲਾ ਸਮਾਜ ਹੈ। ‘ਅਸੀਂ’ ਅਤੇ ‘ਉਹ’ ਦਾ ਵਿਚਾਰ ਇੱਥੇ ਕਦੇ ਮੌਜੂਦ ਨਹੀਂ ਸੀ। ਇੱਕ ਵੰਡਿਆ ਹੋਇਆ ਘਰ ਖੜ੍ਹਾ ਨਹੀਂ ਹੋ ਸਕਦਾ, ਅਤੇ ਹਰ ਵਿਅਕਤੀ ਆਪਣੇ ਤਰੀਕੇ ਨਾਲ ਵਿਲੱਖਣ ਹੈ। ਹਮਲਾਵਰ ਆਏ ਅਤੇ ਚਲੇ ਗਏ, ਪਰ ਜੀਵਨ ਦਾ ਤਰੀਕਾ ਕਾਇਮ ਰਿਹਾ। ਸਾਡੀ ਅੰਦਰੂਨੀ ਸੱਭਿਆਚਾਰਕ ਏਕਤਾ ਸਾਡੀ ਤਾਕਤ ਹੈ। ਹਿੰਦੂ ਸਮਾਜ ਦੀ ਤਾਕਤ ਅਤੇ ਕਿਰਦਾਰ ਕੌਮੀ ਏਕਤਾ ਦੀ ਗਰੰਟੀ ਦਿੰਦਾ ਹੈ।’’ ਭਾਗਵਤ ਨੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਜਨਮ ਵਰ੍ਹੇਗੰਢ 2 ਅਕਤੂਬਰ ਨੂੰ ਮਨਾਈ ਜਾਂਦੀ ਹੈ।