ਹਿੰਦੀ ਬਣੇ ਵਿਗਿਆਨ ਤੇ ਨਿਆਂਪਾਲਿਕਾ ਦੀ ਭਾਸ਼ਾ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚਾਲੇ ਕੋਈ ਟਕਰਾਅ ਨਹੀਂ ਹੈ ਅਤੇ ਹਰ ਕਿਸੇ ਨੂੰ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਸਿਰਫ਼ ਬੋਲ-ਚਾਲ ਦੀ ਹੀ ਨਹੀਂ ਸਗੋਂ ਵਿਗਿਆਨ, ਤਕਨਾਲੋਜੀ, ਨਿਆਂਪਾਲਿਕਾ ਅਤੇ ਪੁਲੀਸ ਦੀ ਵੀ ਭਾਸ਼ਾ ਬਣੇ। ਹਿੰਦੀ ਦਿਵਸ ਮੌਕੇ ਪੰਜਵੇਂ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੀਆਂ ਭਾਸ਼ਾਵਾਂ ਸਾਂਭ ਕੇ ਰਖਣੀਆਂ ਚਾਹੀਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਨਾਲ ਆਪਣੀ ਮਾਂ ਬੋਲੀ ’ਚ ਹੀ ਗੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚਾਲੇ ਕੋਈ ਟਕਰਾਅ ਨਹੀਂ ਹੈ। ਦਯਾਨੰਦ ਸਰਸਵਤੀ, ਮਹਾਤਮਾ ਗਾਂਧੀ, ਕੇ ਐੱਮ ਮੁਨਸ਼ੀ, ਸਰਦਾਰ ਵੱਲਭਭਾਈ ਪਟੇਲ ਅਤੇ ਕਈ ਵਿਦਵਾਨਾਂ ਨੇ ਹਿੰਦੀ ਨੂੰ ਸਵੀਕਾਰ ਕਰਕੇ ਉਸ ਨੂੰ ਹੱਲਾਸ਼ੇਰੀ ਦਿੱਤੀ। ਗੁਜਰਾਤ, ਜਿਥੇ ਗੁਜਰਾਤੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਹਨ, ਦੋਵੇਂ ਭਾਸ਼ਾਵਾਂ ਦੇ ਵਿਕਾਸ ਦੀ ਵਧੀਆ ਮਿਸਾਲ ਹੈ।’’ ਸ਼ਾਹ ਨੇ ਕਿਹਾ ਕਿ ਜੇ ਕਿਸੇ ਦੇ ਸੰਚਾਰ ਦੀ ਆਪਣੀ ਭਾਸ਼ਾ ਨਹੀਂ ਹੈ ਤਾਂ ਉਹ ਆਜ਼ਾਦੀ ਤੇ ਆਤਮ-ਸਨਮਾਨ ਦੀ ਖਾਹਿਸ਼ ਨਹੀਂ ਰੱਖ ਸਕਦਾ ਹੈ।
ਮੋਦੀ ਵੱਲੋਂ ਹਿੰਦੀ ਦਿਵਸ ਦੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅੱਜ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਹੱਲਾਸ਼ੇਰੀ ਦੇਣ ਦਾ ਅਹਿਦ ਲੈਣ। ਸੰਵਿਧਾਨ ਸਭਾ ਵੱਲੋਂ ਅੱਜ ਦੇ ਦਿਨ ਹੀ 1949 ’ਚ ਹਿੰਦੀ ਨੂੰ ਅਧਿਕਾਰਤ ਭਾਸ਼ਾ ਵਜੋਂ ਅਪਣਾਇਆ ਗਿਆ ਸੀ ਜਿਸ ਮਗਰੋਂ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਬੇਅੰਤ ਵਧਾਈਆਂ। ਹਿੰਦੀ ਸਿਰਫ਼ ਸੰਵਾਦ ਦੀ ਭਾਸ਼ਾ ਨਹੀਂ ਸਗੋਂ ਇਹ ਸਾਡੀ ਪਛਾਣ ਅਤੇ ਸੱਭਿਆਚਾਰ ਦੀ ਜਿਊਂਦੀ ਜਾਗਦੀ ਵਿਰਾਸਤ ਵੀ ਹੈ। ਇਸ ਮੌਕੇ ਆਓ, ਅਸੀਂ ਸਾਰੇ ਰਲ ਕੇ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਾਣ ਨਾਲ ਪਹੁੰਚਾਉਣ ਦਾ ਅਹਿਦ ਲਈਏ।’’ -ਪੀਟੀਆਈ