Himachal receive light snowfall: ਹਿਮਾਚਲ ਵਿੱਚ ਕਈ ਥਾਈਂ ਬਰਫਬਾਰੀ
ਸ਼ਿਮਲਾ, 15 ਫਰਵਰੀ
ਹਿਮਾਚਲ ਪ੍ਰਦੇਸ਼ ਦੀ ਉੱਚਾਈ ’ਤੇ ਸਥਿਤ ਕਬਾਇਲੀ ਖੇਤਰਾਂ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਅੱਜ ਹਲਕੀ ਬਰਫਬਾਰੀ ਹੋਈ। ਲਾਹੌਲ ਅਤੇ ਸਪਿਤੀ ਦੇ ਨਾਲ ਸੀਸੂ ਅਤੇ ਜਿਸਪਾ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਹੋਈ। ਪੁਲੀਸ ਨੇ ਲੋਕਾਂ ਨੂੰ ਅਟਲ ਸੁਰੰਗ ਅਤੇ ਲਾਹੌਲ ਘਾਟੀ ਵੱਲ ਨਾ ਜਾਣ ਦੀ ਸਲਾਹ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਮਾਰਗ ਪੰਜ (ਹਿੰਦੁਸਤਾਨ-ਤਿੱਬਤ ਹਾਈਵੇਅ) ’ਤੇ ਬਰਫ ਜਮ੍ਹਾ ਹੋਣ ਕਾਰਨ ਸੜਕ ਵਿਚ ਤਿਲਕਣ ਵੱਧ ਗਈ ਹੈ ਜਿਸ ਕਾਰਨ ਵਾਹਨਾਂ ਨੂੰ ਹੋਰ ਰਸਤੇ ਅੱਗੇ ਭੇਜਿਆ ਜਾ ਰਿਹਾ ਹੈ। ਸਥਾਨਕ ਮੌਸਮ ਵਿਭਾਗ ਨੇ 18 ਅਤੇ 21 ਫਰਵਰੀ ਨੂੰ ਲਾਹੌਲ-ਸਪਿਤੀ, ਕਿਨੌਰ ਅਤੇ ਚੰਬਾ ਦੇ ਉੱਚੇ ਇਲਾਕਿਆਂ ਵਿੱਚ ਅਲੱਗ-ਅਲੱਗ ਥਾਵਾਂ ’ਤੇ ਹਲਕੀ ਬਰਫਬਾਰੀ, 19 ਫਰਵਰੀ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਅਤੇ 20 ਫਰਵਰੀ ਨੂੰ ਕਈ ਥਾਵਾਂ 'ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਿਚ 4 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਅਗਲੇ 3-4 ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ 4-5 ਡਿਗਰੀ ਵਧਣ ਦੀ ਸੰਭਾਵਨਾ ਹੈ।