ਹਿਮਾਚਲ ਪ੍ਰਦੇਸ਼: ਸੇਬ ਉਤਪਾਦਕਾਂ ਵੱਲੋਂ ਸਕੱਤਰੇਤ ਅੱਗੇ ਧਰਨਾ
ਇਸ ਪ੍ਰਦਰਸ਼ਨ ਦੀ ਅਗਵਾਈ ਥਿਓਗ ਤੋਂ ਸਾਬਕਾ ਵਿਧਾਇਕ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਆਗੂ ਰਾਕੇਸ਼ ਸਿੰਘਾ ਨੇ ਕੀਤੀ। ਉਨ੍ਹਾਂ ਨੇ ਤਾਲਾਂਦ ਇਲਾਕੇ ਤੋਂ ਸਕੱਤਰੇਤ ਤੱਕ ਰੈਲੀ ਵੀ ਕੱਢੀ। ਦੂਜੇ ਪਾਸੇ ਇਸ ਪ੍ਰਦਰਸ਼ਨ ਕਾਰਨ ਕੁਝ ਘੰਟਿਆਂ ਤੱਕ ਆਵਾਜਾਈ ’ਚ ਵਿਘਨ ਪਿਆ ਰਿਹਾ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਦੱਸਣਯੋਗ ਹੈ ਕਿ ਪਹਿਲਾਂ ਇਸੇ ਮਹੀਨੇ ਹਿਮਾਚਲ ਕਿਸਾਨ ਸਭਾ ਅਤੇ ਹਿਮਾਚਲ ਪ੍ਰਦੇਸ਼ ਸੇਬ ਉਤਪਾਦਕ ਸੰਘ ਨੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਜੰਗਲੀ ਜ਼ਮੀਨ ’ਤੇ ਕਬਜ਼ਾ ਕਰਕੇ ਲਾਏ ਸੇਬ ਦੇ ਬਾਗ ਪੁੱਟਣ ਦੀ ਵਣ ਵਿਭਾਗ ਦੀ ਮੁਹਿੰਮ ਖ਼ਿਲਾਫ਼ ਸਕੱਤਰੇਤ ਦੇ ਬਾਹਰ ਵੱਡੇ ਪੱਧਰ ’ਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਾ ਦਿੱਤੀ ਸੀ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 17 ਜੁਲਾਈ ਨੂੰ ਕਿਹਾ ਸੀ ਕਿ ਸੂਬਾ ਸਰਕਾਰ ਕਬਜ਼ੇ ਵਾਲੀ ਜੰਗਲੀ ਜ਼ਮੀਨ ’ਚ ਸੇਬਾਂ ਨਾਲ ਲੱਦੇ ਰੁੱਖ ਪੁੱਟਣ ਦੇ ਪੱਖ ਵਿੱਚ ਨਹੀਂ ਹੈ ਅਤੇ ਉਤਪਾਦਕਾਂ ਨੂੰ ਪੈਦਾਵਾਰ ਦੀ ਨਿਲਾਮੀ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।