ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿਮਾਚਲ: ਸ਼ਿਮਲਾ ਵਿੱਚ ਢਿੱਗਾਂ ਡਿੱਗਣ ਕਾਰਨ ਚਾਰ ਹਲਾਕ

ਛੇ ਰੇਲ ਗੱਡੀਆਂ ਰੱਦ; ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਸਣੇ 793 ਸੜਕਾਂ ਬੰਦ
Advertisement

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਪਿਛਲੇ 24 ਘੰਟਿਆਂ ’ਚ ਢਿੱਗਾਂ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ 35 ਸਾਲਾ ਵਿਅਕਤੀ ਅਤੇ ਉਸ ਦੀ 10 ਸਾਲ ਦੀ ਧੀ ਵੀ ਸ਼ਾਮਲ ਹੈ। ਮੀਂਹ ਕਾਰਨ ਸ਼ਿਮਲਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਬੀਤੀ ਸ਼ਾਮ ਤੋਂ ਹੁਣ ਤੱਕ 115.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਲਗਾਤਾਰ ਮੀਂਹ ਕਰਕੇ ਢਿੱਗਾਂ ਡਿੱਗਣ ਕਾਰਨ ਸ਼ਿਮਲਾ-ਕਾਲਕਾ ਰੇਲਵੇ ਟਰੈਕ ’ਤੇ ਚੱਲਣ ਵਾਲੀਆਂ ਛੇ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਕੁੱਲ 793 ਸੜਕਾਂ ਬੰਦ ਹੋ ਗਈਆਂ ਹਨ, ਜਿਸ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਵੀ ਸ਼ਾਮਲ ਹੈ। ਸਿੱਖਿਆ ਮੰਤਰੀ ਰੋਹਿਤ ਠਾਕੁਰ ਅਨੁਸਾਰ ਅੱਜ ਸ਼ਿਮਲਾ ਜ਼ਿਲ੍ਹੇ ਦੇ ਜ਼ਿਆਦਾਤਰ ਵਿੱਦਿਅਕ ਅਦਾਰੇ ਬੰਦ ਰਹੇ। ਸਥਾਨਕ ਮੌਸਮ ਵਿਭਾਗ ਨੇ ਮੰਗਲਵਾਰ ਤੱਕ ਛੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ, ਮੰਡੀ, ਕੁੱਲੂ, ਨਾਂਗਲ ਡੈਮ, ਸੋਲਨ ਅਤੇ ਹੋਰ ਕਈ ਥਾਵਾਂ ’ਤੇ ਰਿਕਾਰਡ ਮੀਂਹ ਪਿਆ ਹੈ।

Advertisement

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਵਿਧਾਨ ਸਭਾ ’ਚ ਜਾਣਕਾਰੀ ਦਿੱਤੀ ਕਿ ਮਨੀਮਹੇਸ਼ ਯਾਤਰਾ ਦੌਰਾਨ ਚਾਰ ਹੋਰ ਲਾਸ਼ਾਂ ਬਰਾਮਦ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 16 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਫਸੇ ਲਗਭਗ 15,000 ਸ਼ਰਧਾਲੂਆਂ ਵਿੱਚੋਂ 10,000 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਅਧਿਕਾਰੀਆਂ ਅਨੁਸਾਰ ਸ਼ਿਮਲਾ ਕਸਬੇ ਦੇ ਬਾਹਰੀ ਇਲਾਕੇ ਜੁੰਗਾ ਵਿੱਚ ਢਿੱਗਾਂ ਡਿੱਗਣ ਕਾਰਨ ਵੀਰੇਂਦਰ ਕੁਮਾਰ ਅਤੇ ਉਸ ਦੀ ਦਸ ਸਾਲਾ ਧੀ ਦੀ ਮੌਤ ਹੋ ਗਈ।

ਇਸ ਘਟਨਾ ਵਿੱਚ ਵੀਰੇਂਦਰ ਦੀ ਪਤਨੀ ਘਰ ਤੋਂ ਬਾਹਰ ਹੋਣ ਕਰਕੇ ਬਚ ਗਈ। ਇਸੇ ਤਰ੍ਹਾਂ ਸ਼ਿਮਲਾ ਦੇ ਕੋਟਖਾਈ ਖੇਤਰ ਦੇ ਚੋਲ ਪਿੰਡ ਵਿੱਚ ਘਰ ਢਹਿਣ ਕਾਰਨ ਬਿਰਧ ਦੀ ਮੌਤ ਹੋ ਗਈ। ਜੁਬਾਲ ਦੇ ਬਡਹਾਲ ਪਿੰਡ ਵਿੱਚ ਵੀ ਢਿੱਗਾਂ ਡਿੱਗਣ ਕਾਰਨ 23 ਸਾਲਾ ਔਰਤ ਦੀ ਜਾਨ ਚਲੀ ਗਈ। ਸ਼ਿਮਲਾ ਦੇ ਪੋਰਟਮੋਰ ਸਰਕਾਰੀ ਮਾਡਲ ਸਕੂਲ ਦੀ ਕੰਧ ਡਿੱਗੀ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੜ੍ਹ ਪ੍ਰਭਾਵਿਤ ਜੰਮੂ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਰਾਹਤ ਤੇ ਮੁੜ-ਵਸੇਬੇ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸ਼ਾਮਲ ਸਨ। ਮੀਟਿੰਗ ਵਿੱਚ ਹੜ੍ਹਾਂ ਕਾਰਨ ਸਰਹੱਦੀ ਸੁਰੱਖਿਆ ਗਰਿੱਡ ਨੂੰ ਹੋਏ ਨੁਕਸਾਨ ਦੀ ਸਮੀਖਿਆ ਵੀ ਕੀਤੀ ਗਈ। ਦੂਜੇ ਪਾਸੇ ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਕਾਰਾ ਨੇ ਵਿਆਪਕ ਰਾਹਤ ਪੈਕੇਜ ਦੀ ਮੰਗ ਕੀਤੀ ਹੈ।

Advertisement
Show comments