ਹਿਮਾਚਲ: ਮੰਡੀ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਲਈਆਂ ਤਿੰਨ ਜਾਨਾਂ
ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿੱਚ ਬੀਤੀ ਰਾਤ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਤਿੰਨ ਮੌਤਾਂ ਹੋ ਗਈਆਂ ਅਤੇ ਇੱਕ ਵਿਅਕਤੀ ਲਾਪਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੁੰਗਲ ਕਲੋਨੀ ਵਿੱਚ 20 ਤੋਂ ਵੱਧ ਵਾਹਨ ਦਬੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ। ਉਧਰ ਚੰਡੀਗੜ੍ਹ-ਮਨਾਲੀ ਅਤੇ ਮੰਡੀ-ਪਠਾਨਕੋਟ ਹਾਈਵੇਅ ਸਮੇਤ ਕਈ ਮੁੱਖ ਸੜਕਾਂ ਅਜੇ ਵੀ ਬੰਦ ਹਨ, ਜਿਸ ਕਾਰਨ ਸੈਂਕੜੇ ਸੈਲਾਨੀ ਫਸੇ ਹੋਏ ਹਨ। ਮੰਡੀ ਵਿੱਚ ਸੋਮਵਾਰ ਸ਼ਾਮ ਤੋਂ 198.6 ਐੱਮਐੱਮ ਮੀਂਹ ਪਿਆ। ਮੰਡੀ ਦੇ ਡਿਪਟੀ ਕਮਿਸ਼ਨਰ ਅਪੂਰਵਾ ਦੇਵਗਨ ਨੇ ਦੱਸਿਆ ਕਿ ਮਾਂ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਲਾਪਤਾ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਹੁਣ ਤੱਕ ਲਗਪਗ 15-20 ਜਣਿਆਂ ਨੂੰ ਬਚਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ, ਅਮਰਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਸਪਨਾ ਵਜੋਂ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ, ਐੱਸਡੀਆਰਐੱਫ ਅਤੇ ਸਥਾਨਕ ਵਾਲੰਟੀਅਰ ਮਲਬਾ ਹਟਾਉਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਅੱਜ ਮੰਡੀ ਸਦਰ ਸਬ-ਡਿਵੀਜ਼ਨ ਵਿੱਚ ਸਕੂਲ, ਕਾਲਜ ਅਤੇ ਆਂਗਨਬਾੜੀ ਕੇਂਦਰ ਬੰਦ ਰਹੇ। ਇਸ ਦੌਰਾਨ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਕਈ ਥਾਵਾਂ ’ਤੇ ਬੰਦ ਹੈ। ਖਾਸ ਕਰਕੇ ਪੰਡੋਹ ਨੇੜੇ 4 ਮੀਲ ਅਤੇ 9 ਮੀਲ ’ਤੇ ਮੰਡੀ ਅਤੇ ਕੁੱਲੂ ਦਰਮਿਆਨ ਆਵਾਜਾਈ ਅਸਰਅੰਦਾਜ਼ ਹੋਈ। ਜੋਗਿੰਦਰਨਗਰ ਨੇੜੇ ਲਵੰਡੀ ਪੁਲ ’ਤੇ ਜ਼ਮੀਨ ਖਿਸਕਣ ਕਾਰਨ ਮੰਡੀ-ਪਠਾਨਕੋਟ ਸ਼ਾਹਰਾਹ ਵੀ ਬੰਦ ਹੈ।
ਮੁੱਖ ਮੰਤਰੀ ਨੇ ਮੌਤਾਂ ’ਤੇ ਦੁੱਖ ਪ੍ਰਗਟਾਇਆ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਡੀ ਸ਼ਹਿਰ ਵਿੱਚ ਹੋਈਆਂ ਤਿੰਨ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਮੰਡੀ ਵਿੱਚ ਪ੍ਰਭਾਵਿਤ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਮੀਂਹ ਨੇ ਮੰਡੀ ਵਿੱਚ ਕਾਫ਼ੀ ਤਬਾਹੀ ਮਚਾਈ ਹੈ।
ਸ਼ਾਹਰਾਹ ਬੰਦ ਹੋਣ ਕਾਰਨ ਧਰਮਸ਼ਾਲਾ ਦਾ ਮੁੱਖ ਸੜਕ ਸੰਪਰਕ ਟੁੱਟਿਆ
ਕਾਂਗੜਾ ਨੇੜੇ ਅੱਜ ਸਵੇਰੇ ਭਾਰੀ ਮੀਂਹ ਕਾਰਨ ਜ਼ਮੀਨ ਦਾ ਇਕ ਵੱਡਾ ਹਿੱਸਾ ਖਿਸਕਣ ਨਾਲ ਕੌਮੀ ਸ਼ਾਹਰਾਹ ਬੰਦ ਹੋ ਗਿਆ, ਜਿਸ ਨਾਲ ਧਰਮਸ਼ਾਲਾ, ਮੈਕਲੌਡਗੰਜ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੱਕ ਜਾਣ ਵਾਲਾ ਇੱਕੋ-ਇੱਕ ਮੁੱਖ ਸੜਕੀ ਸੰਪਰਕ ਟੁੱਟ ਗਿਆ। ਨਤੀਜੇ ਵਜੋਂ ਹਾਈਵੇਅ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਫਸ ਗਏ, ਜਿਸ ਕਾਰਨ ਆਵਾਜਾਈ ਅਤੇ ਜ਼ਰੂਰੀ ਸੇਵਾਵਾਂ ਵਿੱਚ ਵੱਡਾ ਵਿਘਨ ਪਿਆ।