ਹਿਮਾਚਲ: ਹੁਸ਼ਿਆਰਪੁਰ ਦੇ ਨੌਜਵਾਨ ਵੱਲੋਂ ਚੰਬਾ ਵਿੱਚ ਕਾਲਜ ਵਿਦਿਆਰਥਣ ’ਤੇ ਜਾਨਲੇਵਾ ਹਮਲਾ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਨੇ ਇੱਕ ਕਾਲਜ ਵਿਦਿਆਰਥਣ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਘਟਨਾ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ ’ਚ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਵਿਦਿਆਰਥਣ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹਰਦਾਸਪੁਰਾ ਵਾਰਡ ਦੀ ਵਸਨੀਕ ਵਿਦਿਆਰਥਣ ਅੱਜ ਸਵੇਰੇ ਕਾਲਜ ਜਾ ਰਹੀ ਸੀ, ਤਾਂ ਮੰਜਰੀ ਗਾਰਡਨ ਨੇੜੇ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੇ ਹੁਸ਼ਿਆਰਪੁਰ ਦੇ ਨੌਜਵਾਨ ਨੇ ਉਸ ਦਾ ਰਸਤਾ ਰੋਕ ਲਿਆ। ਇਸ ਦੌਰਾਨ ਕਿਸੇ ਗੱਲ ਤੋਂ ਤਕਰਾਰ ਹੋਣ ’ਤੇ ਮੁਲਜ਼ਮ ਨੇ ਵਿਦਿਆਰਥਣ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਹਮਲੇ ਕਾਰਨ ਵਿਦਿਆਰਥਣ ਗੰਭੀਰ ਜ਼ਖਮੀ ਹੋ ਗਈ ਅਤੇ ਬਚ ਕੇ ਭੱਜਣ ’ਚ ਕਾਮਯਾਬ ਰਹੀ। ਮੌਕੇ ’ਤੇ ਰਾਹਗੀਰਾਂ ਨੇ ਰੌਲਾ ਪਾ ਕੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਲੋਕਾਂ ਨੇ ਜ਼ਖਮੀ ਵਿਦਿਆਰਥਣ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਚੰਬਾ ਵਿਖੇ ਪਹੁੰਚਾਇਆ, ਜਿੱਥੇ ਉਸ ਨੂੰ ਐਮਰਜੈਂਸੀ ਵਾਰਡ ’ਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਜ਼ਾਲਮ ਸਿੰਘ ਭਾਰਦਵਾਜ ਨੇ ਦੱਸਿਆ ਕਿ ਲੜਕੀ ਦੀ ਗਰਦਨ ’ਤੇ ਗੰਭੀਰ ਸੱਟ ਲੱਗੀ ਹੋਈ ਸੀ ਅਤੇ ਉਸ ਨੂੰ ਤੁਰੰਤ ਆਪਰੇਸ਼ਨ ਥੀਏਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸੇ ਦੌਰਾਨ ਸਦਰ ਥਾਣਾ ਇੰਚਾਰਜ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਕੇਸ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਜ਼ਖਮੀ ਵਿਦਿਆਰਥਣ ਦੇ ਬਿਆਨ ਦੀ ਉਡੀਕ ਕਰ ਰਹੀ ਹੈ, ਹਮਲੇ ਦੇ ਪਿੱਛੇ ਅਸਲ ਕਾਰਨ ਦਾ ਪਤਾ ਲੱਗ ਸਕੇ।
