ਹਿਮਾਚਲ: ਤਿੰਨ ਕੌਮੀ ਮਾਰਗਾਂ ਸਣੇ 822 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਰ ਕੇ ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ 822 ਸੜਕਾਂ ਬੰਦ ਹਨ ਜਦੋਂਕਿ ਘੱਟੋ-ਘੱਟ 1,236 ਵੰਡ ਟਰਾਂਸਫਾਰਮਰ ਬੰਦ ਹੋਣ ਕਰਕੇ ਬਿਜਲੀ ਸਪਲਾਈ ਵੀ ਠੱਪ ਹੈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਮੁਤਾਬਕ ਚੰਬਾ ਵਿੱਚ 253 ਸੜਕਾਂ, ਮੰਡੀ ਵਿੱਚ ਕੌਮੀ ਮਾਰਗ ਤਿੰਨ ਸਣੇ 207, ਕੁੱਲੂ ਵਿੱਚ ਕੌਮੀ ਮਾਰਗ 305 ਸਮੇਤ 176, ਕਾਂਗੜਾ ਵਿੱਚ 61, ਸ਼ਿਮਲਾ ਵਿੱਚ 39, ਊਨਾ ਵਿੱਚ 22, ਸੋਲਨ ਅਤੇ ਸਿਰਮੌਰ ਵਿੱਚ 18-18, ਬਿਲਾਸਪੁਰ ਵਿੱਚ 13, ਲਾਹੌਲ ਤੇ ਸਪਿਤੀ ਵਿੱਚ 11, ਕਿੰਨੌਰ ਵਿੱਚ ਕੌਮੀ ਮਾਰਗ 5 ਅਤੇ ਹਮੀਰਪੁਰ ਵਿੱਚ ਇੱਕ ਸੜਕ ਵੀ ਬੰਦ ਹੈ। ਇਸ ਨਾਲ ਸੂਬੇ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਰਮੌਰ ਅਤੇ ਚੰਬਾ ਵਿੱਚ ਫਸੇ ਮਨੀਮਹੇਸ਼ ਯਾਤਰਾ ਦੇ ਤੀਰਥਯਾਤਰੀਆਂ ਨੂੰ ਕੱਢਿਆ ਜਾ ਰਿਹਾ ਹੈ। ਅਗਲੇ ਕੁਝ ਘੰਟੇ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਧੌਲੀਗੰਗਾ ਪ੍ਰਾਜੈਕਟ: ਢਿੱਗਾਂ ਡਿੱਗਣ ਕਾਰਨ 19 ਕਾਮੇ ਸੁਰੰਗ ’ਚ ਫਸੇ
ਪਿਥੌਰਾਗੜ੍ਹ: ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਧੌਲੀਗੰਗਾ ਪਾਵਰ ਪ੍ਰਾਜੈਕਟ ਨੇੜੇ ਢਿੱਗਾਂ ਡਿੱਗਣ ਕਾਰਨ ਆਮ ਅਤੇ ਐਮਰਜੈਂਸੀ ਸੁਰੰਗਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਨੈਸ਼ਨਲ ਹਾਈਡਰੋ ਇਲੈੱਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ ਐੱਚ ਪੀ ਸੀ) ਦੇ 19 ਕਾਮੇ ਪਾਵਰ ਹਾਊਸ ਦੇ ਅੰਦਰ ਫਸ ਗਏ ਹਨ। ਧਾਰਚੁਲਾ ਦੇ ਡਿਪਟੀ ਜ਼ਿਲ੍ਹਾ ਮੈਜਿਸਟ੍ਰੇਟ ਜਤਿੰਦਰ ਵਰਮਾ ਨੇ ਕਿਹਾ ਕਿ ਮਲਬਾ ਹਟਾਉਣ ਲਈ ਮਸ਼ੀਨਾਂ ਲਾਈਆਂ ਗਈਆਂ ਹਨ। ਜ਼ਿਲ੍ਹੇ ਵਿੱਚ ਧਾਰਚੁਲਾ ਨੇੜੇ ਈਲਾਗੜ੍ਹ ਖੇਤਰ ਵਿੱਚ ਧੌਲੀਗੰਗਾ ਪਾਵਰ ਪ੍ਰਾਜੈਕਟ ਦੀਆਂ ਆਮ ਅਤੇ ਐਮਰਜੈਂਸੀ ਸੁਰੰਗਾਂ ਵੱਲ ਜਾਣ ਵਾਲਾ ਰਾਹ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਲਬਾ ਲਗਾਤਾਰ ਡਿੱਗਣ ਦੇ ਬਾਵਜੂਦ ਸਰਹੱਦੀ ਸੜਕ ਸੰਗਠਨ ਦੀਆਂ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਰਾਹ ਸਾਫ਼ ਕਰਨ ਦਾ ਕੰਮ ਜਾਰੀ ਹੈ। -ਪੀਟੀਆਈ
ਡੋਡਾ ਜ਼ਿਲ੍ਹੇ ਵਿੱਚ ਚਨਾਬ ’ਚ ਡੁੱਬ ਰਹੇ ਅੱਠ ਜਣੇ ਬਚਾਏ
ਜੰਮੂ: ਲਗਾਤਾਰ ਮੀਂਹ ਤੇ ਢਿੱਗਾਂ ਡਿੱਗਣ ਦੀਆਂ ਤਾਜ਼ਾ ਘਟਨਾਵਾਂ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਅੱਜ ਛੇਵੇਂ ਦਿਨ ਆਵਾਜਾਈ ਲਈ ਬੰਦ ਰਿਹਾ। ਟਰੈਫਿਕ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇਕਲੌਤਾ ਮਾਰਗ ਬੰਦ ਹੋਣ ਕਾਰਨ ਅੱਜ ਸਵੇਰੇ ਕਿਸੇ ਵੀ ਵਾਹਨ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਅੱਜ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਜਾਰੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਉਧਰ, ਡੋਡਾ ਜ਼ਿਲ੍ਹੇ ਵਿੱਚ ਅੱਜ ਤੜਕੇ ਤਿੰਨ ਘੰਟੇ ਚੱਲੀ ਸਾਂਝੀ ਮੁਹਿੰਮ ਦੌਰਾਨ ਚਨਾਬ ਦਰਿਆ ਵਿੱਚ ਡੁੱਬ ਰਹੇ ਅੱਠ ਜਣਿਆਂ ਨੂੰ ਬਚਾਇਆ ਗਿਆ। -ਪੀਟੀਆਈ