ਮੁੱਖ ਮੰਤਰੀ ਬਾਰੇ ਫ਼ੈਸਲਾ ਹਾਈ ਕਮਾਨ ਕਰੇਗੀ: ਖੜਗੇ
ਕਰਨਾਟਕ ’ਚ ਮੁੱਖ ਮੰਤਰੀ ਤਬਦੀਲ ਕਰਨ ਦੀਆਂ ਕਨਸੋਆਂ ਵਿਚਾਲੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਹੀ ਇਸ ਬਾਰੇ ਫ਼ੈਸਲਾ ਕਰੇਗੀ ਅਤੇ ਫਿਲਹਾਲ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਸਿੱਧਾਰਮਈਆ ਨਾਲ ਲੰਮਾ ਸਮਾਂ ਚੱਲੀ ਮੀਟਿੰਗ ਤੋਂ ਇੱਕ ਦਿਨ ਬਾਅਦ ਇਹ ਗੱਲ ਕਹੀ ਹੈ। ਉਨ੍ਹਾਂ ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘‘ਜੋ ਕੁਝ ਹੋਇਆ ਹੈ, ਉਸ ਬਾਰੇ ਮੈਂ ਕੁਝ ਨਹੀਂ ਕਹਿਣਾ। ਇਸ ਲਈ ਤੁਸੀਂ (ਮੀਡੀਆ) ਇੱਥੇ ਖੜ੍ਹੇ ਹੋ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਅਤੇ ਮੈਨੂੰ ਵੀ ਬੁਰਾ ਲਗ ਰਿਹਾ ਹੈ। ਜੋ ਵੀ ਹੋਵੇਗਾ, ਆਲ੍ਹਾ ਕਮਾਨ ਹੀ ਕਰੇਗੀ। ਤੁਹਾਨੂੰ ਇਸ ਬਾਰੇ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ।’’ ਸੂਬੇ ’ਚ ਕਾਂਗਰਸ ਸਰਕਾਰ ਦੇ 20 ਨਵੰਬਰ ਨੂੰ ਆਪਣੇ ਪੰਜ ਸਾਲਾ ਕਾਰਜਕਾਲ ਦੇ ਅੱਧੇ ਪੜਾਅ ਤੱਕ ਪਹੁੰਚਣ ਮਗਰੋਂ ਮੁੱਖ ਮੰਤਰੀ ਤਬਦੀਲ ਕਰਨ ਦੀਆਂ ਕਿਆਸਰਾਈਆਂ ਵਿਚਾਲੇ ਹਾਕਮ ਪਾਰਟੀ ਵਿਚਾਲੇ ਸੱਤਾ ਲਈ ਸੰਘਰਸ਼ ਤੇਜ਼ ਹੋ ਗਿਆ ਹੈ। ਸ੍ਰੀ ਸਿੱਧਾਰਮਈਆ ਨੇ ਕਿਹਾ ਕਿ ਉਹ ਹਾਈ ਕਮਾਨ ਦੇ ਫ਼ੈਸਲੇ ਦਾ ਪਾਲਣ ਕਰਨਗੇ ਅਤੇ ਸਾਰਿਆਂ ਨੂੰ ਹੀ ਅਜਿਹਾ ਕਰਨਾ ਚਾਹੀਦਾ ਹੈ।
