ਉਤਰਾਖੰਡ ਵਿੱਚ ਭਾਰੀ ਮੀਂਹ ਤਿੰਨ ਵਿਅਕਤੀ ਭਾਖੜਾ ’ਚ ਡੁੱਬੇ
ਉੱਤਰੀ ਭਾਰਤ ਵਿੱਚ ਲਗਾਤਾਰ ਮੀਂਹ ਪੈ ਕਾਰਨ ਉਤਰਾਖੰਡ ਵਿੱਚ ਤਿੰਨ ਵਿਅਕਤੀ ਭਾਖੜਾ ਨਹਿਰ ਵਿੱਚ ਡੁੱਬ ਗਏ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਹਨ ਖੱਡ ਵਿੱਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ, ਜਲੌਨ, ਔਰੱਈਆ, ਮਿਰਜ਼ਾਪੁਰ, ਵਾਰਾਣਸੀ, ਕਾਨਪੁਰ ਦੇਹਾਤ, ਬਾਂਦਾ, ਫਤਹਿਪੁਰ, ਕਾਨਪੁਰ ਸਿਟੀ ਅਤੇ ਚਿੱਤਰਕੂਟ ਸਮੇਤ 13 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਗੰਗਾ, ਯਮੁਨਾ ਅਤੇ ਬੇਤਵਾ ਵਰਗੀਆਂ ਪ੍ਰਮੁੱਖ ਨਦੀਆਂ ਕਈ ਥਾਵਾਂ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਰਾਜਸਥਾਨ ਵਿੱਚ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਹਵਾਈ ਸਰਵੇਖਣ ਕੀਤਾ। ਉਤਰਾਖੰਡ ਵਿੱਚ ਹਲਦਵਾਨੀ ਨੇੜੇ ਭਾਖੜਾ ਨਦੀ ਦੇ ਤੇਜ਼ ਵਹਾਅ ਵਿੱਚ ਇੱਕ ਵਿਅਕਤੀ ਵਹਿ ਗਿਆ। ਐਤਵਾਰ ਨੂੰ ਹਲਦਵਾਨੀ ਰੋਡ ’ਤੇ ਭੁਜੀਆਘਾਟ ਨੇੜੇ ਦੋ ਹੋਰ ਵਿਅਕਤੀ ਨਦੀ ਵਿੱਚ ਡੁੱਬ ਗਏ ਸਨ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਰਾਤ ਨੂੰ ਢਿੱਗਾਂ ਡਿੱਗਣ ਕਾਰਨ ਦੋ ਦੁਕਾਨਾਂ ਮਲਬੇ ਹੇਠ ਦੱਬੀਆਂ ਗਈਆਂ। ਦੇਹਰਾਦੂਨ ਵਿੱਚ ਰਾਤ ਭਰ ਭਾਰੀ ਮੀਂਹ ਜਾਰੀ ਰਿਹਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਅਤੇ ਆਂਗਣਵਾੜੀ ਕੇਂਦਰ ਇੱਕ ਦਿਨ ਲਈ ਬੰਦ ਕਰ ਦਿੱਤੇ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਨੈਨੀਤਾਲ, ਚੰਪਾਵਤ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਮੰਗਲਵਾਰ ਨੂੰ ਊਧਮ ਸਿੰਘ ਨਗਰ, ਪੌੜੀ ਅਤੇ ਦੇਹਰਾਦੂਨ ਵਿੱਚ ਭਾਰੀ ਮੀਂਹ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ।
ਘਰ ਦੀ ਕੰਧ ਡਿੱਗਣ ਕਾਰਨ ਦੋ ਭੈਣਾਂ ਦੀ ਮੌਤ
ਸੀਤਾਪੁਰ (ਉੱਤਰ ਪ੍ਰਦੇਸ਼): ਇੱਥੇ ਖੈਰੇਨ ਦੇਸ਼ਨਗਰ ਪਿੰਡ ਵਿੱਚ ਮੀਂਹ ਕਰਕੇ ਘਰ ਦੀ ਕੰਧ ਡਿੱਗਣ ਕਾਰਨ ਦੋ ਨਾਬਾਲਗ ਲੜਕੀਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਦਾਦਾ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਮਪਾਲ (60) ਆਪਣੀਆਂ ਪੋਤੀਆਂ ਚਾਂਦਨੀ (14) ਅਤੇ ਸ਼ਿਵਾਸੀ (12) ਨਾਲ ਘਰ ਦੇ ਅੰਦਰ ਸੌਂ ਰਿਹਾ ਸੀ। ਇਸ ਦੌਰਾਨ ਅਚਾਨਕ ਕੰਧ ਡਿੱਗਣ ਕਾਰਨ ਸਾਰੇ ਮਲਬੇ ਹੇਠ ਦੱਬੇ ਗਏ। ਨੇੜਲੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਦੋਵਾਂ ਲੜਕੀਆਂ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ