ਰਾਜਸਥਾਨ ਵਿੱਚ ਭਾਰੀ ਮੀਂਹ; ਮੌਸਮ ਵਿਭਾਗ ਵੱਲੋਂ ਸੰਤਰੀ ਅਲਰਟ ਜਾਰੀ, ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਚਲਦਿਆਂ ਸੂਬਾ ਸਰਕਾਰ ਨੇ ਸਾਵਧਾਨੀ ਵਜੋਂ ਜੈਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਮੌਸਮ ਵਿਗਿਆਨ ਕੇਂਦਰ ਜੈਪੁਰ ਦੇ ਅਨੁਸਾਰ ਸੋਮਵਾਰ ਲਈ ਰਾਜਸਮੰਦ, ਸਿਰੋਹੀ ਅਤੇ ਉਦੈਪੁਰ ਜ਼ਿਲ੍ਹਿਆਂ ਲਈ ਬਹੁਤ ਜ਼ਿਆਦਾ ਭਾਰੀ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਲਗਪਗ ਇੱਕ ਦਰਜਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੰਦੇ ਹੋਏ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਵਿਭਾਗ ਨੇ ਦੱਸਿਆ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਤੇਜ਼ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰ ਤੱਕ ਦੇ 24 ਘੰਟਿਆਂ ਵਿੱਚ ਨਾਗੌਰ, ਚੁਰੂ, ਜਾਲੌਰ, ਉਦੈਪੁਰ ਅਤੇ ਸਿਰੋਹੀ ਵਿੱਚ ਬਹੁਤ ਬਹੁਤ ਭਾਰੀ ਮੀਂਹ ਪਿਆ, ਜਦੋਂ ਕਿ ਸੀਕਰ, ਹਨੂੰਮਾਨਗੜ੍ਹ, ਬੀਕਾਨੇਰ, ਜੋਧਪੁਰ, ਧੌਲਪੁਰ ਅਤੇ ਅਜਮੇਰ ਵਿੱਚ ਭਾਰੀ ਮੀਂਹ ਪਿਆ। ਇਸ ਸਮੇਂ ਦੌਰਾਨ ਨਾਗੌਰ ਵਿੱਚ ਸਭ ਤੋਂ ਵੱਧ 173 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਨੇ ਸੂਬੇ ਭਰ ਵਿੱਚ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੋਟਾ, ਬੂੰਦੀ ਅਤੇ ਸਵਾਈ ਮਾਧੋਪੁਰ ਜ਼ਿਲ੍ਹਿਆਂ ਦੇ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਕਸਬਿਆਂ ਦੇ ਵੱਡੇ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਨਾਗਰਿਕ ਅਧਿਕਾਰੀਆਂ ਦੀ ਸਹਾਇਤਾ ਲਈ ਫ਼ੌਜ ਨੂੰ ਬੁਲਾਇਆ ਗਿਆ ਹੈ।
ਇੱਕ ਅਧਿਕਾਰਤ ਬਿਆਨ ਅਨੁਸਾਰ ਐੱਨਡੀਆਰਐੱਫ਼ ਦੀਆਂ ਸੱਤ ਟੀਮਾਂ ਅਤੇ ਐੱਸਡੀਆਰਐੱਫ਼) ਦੀਆਂ 57 ਟੀਮਾਂ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਆਈਐੱਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮੰਗਲਵਾਰ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿ ਸਕਦਾ ਹੈ। ਪੀਟੀਆਈ