ਕੋਲਕਾਤਾ ’ਚ ਭਾਰੀ ਮੀਂਹ, ਕਰੰਟ ਲੱਗਣ ਕਾਰਨ 10 ਮੌਤਾਂ
ਜਾਣਕਾਰੀ ਅਨੁਸਾਰ ਇੱਥੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 251.4 ਮਿਲੀਮੀਟਰ ਮੀਂਹ ਪਿਆ, ਜੋ 1986 ਤੋਂ ਬਾਅਦ ਸਭ ਤੋਂ ਵੱਧ ਸੀ। ਕੋਲਕਾਤਾ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਸਾਡੀਆਂ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਕਰੰਟ ਲੱਗਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।’ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨ੍ਹਾਂ ਮੌਤਾਂ ਲਈ ਫਾਰੱਕਾ ਬੈਰਾਜ ’ਚੋਂ ਗਾਰ ਨਾ ਕੱਢਣ ਅਤੇ ਨਿੱਜੀ ਬਿਜਲੀ ਕੰਪਨੀ ਸੀ ਈ ਐੱਸ ਸੀ ਦੀਆਂ ਖਾਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।
ਬੈਨਰਜੀ ਨੇ ਕਿਹਾ, ‘ਮੈਂ ਪਹਿਲਾਂ ਇੰਨਾ ਮੀਂਹ ਕਦੇ ਨਹੀਂ ਦੇਖਿਆ। ਮੈਂ ਸੁਣਿਆ ਹੈ ਕਿ ਖੁੱਲ੍ਹੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਸੱਤ-ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਬਹੁਤ ਮੰਦਭਾਗਾ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸੀ ਈ ਐੱਸ ਸੀ ਵੱਲੋਂ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਮੈਂ ਇਹ ਸਪੱਸ਼ਟ ਤੌਰ ’ਤੇ ਕਹਿ ਰਹੀ ਹਾਂ।’ ਉਨ੍ਹਾਂ ਸਿੱਧੇ ਤੌਰ ’ਤੇ ਬਿਜਲੀ ਕੰਪਨੀ ’ਤੇ ਦੋਸ਼ ਲਾਉਂਦਿਆਂ ਕਿਹਾ, ‘ਬਿਜਲੀ ਸੀ ਈ ਐੱਸ ਸੀ ਵੱਲੋਂ ਸਪਲਾਈ ਕੀਤੀ ਜਾਂਦੀ ਹੈ, ਸਾਡੇ ਵੱਲੋਂ ਨਹੀਂ। ਉਹ ਇੱਥੇ ਕਾਰੋਬਾਰ ਕਰਨਗੇ, ਪਰ ਇੱਥੇ ਆਧੁਨਿਕੀਕਰਨ ਨਹੀਂ ਕਰਨਗੇ? ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲੋਕ ਭੇਜ ਕੇ ਇਸ ਨੂੰ ਠੀਕ ਕਰਨਾ ਚਾਹੀਦਾ ਹੈ।’
ਇਸ ਦੌਰਾਨ ਮੈਟਰੋ ਸੇਵਾਵਾਂ ਸਵੇਰ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪੂਰਬੀ ਰੇਲਵੇ ਨੇ ਸਿਆਲਦਾ ਦੱਖਣੀ ਸੈਕਸ਼ਨ ’ਤੇ ਆਵਾਜਾਈ ਰੋਕ ਦਿੱਤੀ ਹੈ। ਚਿਤਪੁਰ ਯਾਰਡ ਵਿੱਚ ਪਾਣੀ ਭਰਨ ਕਾਰਨ ਸਰਕੁਲਰ ਰੇਲਵੇ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਹਵਾਈ ਯਾਤਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਘੱਟੋ-ਘੱਟ 30 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 31 ਹੋਰ ਦੇਰੀ ਨਾਲ ਚੱਲੀਆਂ।
ਸੂਬਾ ਸਰਕਾਰ ਨੇ ਸਾਰੇ ਸਰਕਾਰੀ ਸਿੱਖਿਆ ਅਦਾਰੇ 24 ਅਤੇ 25 ਸਤੰਬਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੱਕ ਪੂਰਬੀ ਅਤੇ ਪੱਛਮੀ ਮੇਦਨੀਪੁਰ, ਦੱਖਣੀ 24 ਪਰਗਨਾ, ਝਾਰਗ੍ਰਾਮ ਅਤੇ ਬਾਂਕੁੜਾ ਜ਼ਿਲ੍ਹਿਆਂ ਵਿੱਚ ਹੋਰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।
ਦੁਰਗਾ ਪੂਜਾ ਲਈ ਤਿਆਰ ਪੰਡਾਲਾਂ ਦਾ ਵੀ ਨੁਕਸਾਨ
ਦੱਖਣੀ ਕੋਲਕਾਤਾ ਵਿੱਚ ਭਾਰੀ ਮੀਂਹ ਕਾਰਨ ਦੁਰਗਾ ਪੂਜਾ ਲਈ ਬਣਾਏ ਜਾ ਰਹੇ ‘ਪੰਡਾਲਾਂ’ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਮਜ਼ਦੂਰ ਪੰਡਾਲਾਂ ’ਚੋਂ ਪਾਣੀ ਬਾਹਰ ਕੱਢ ਰਹੇ ਹਨ। ਕਾਲੀਘਾਟ ਦੇ ਦੁਰਗਾ ਪੂਜਾ ਪ੍ਰਬੰਧਕ ਨੇ ਕਿਹਾ, ‘ਅਸੀਂ ਇਸ ਪੰਡਾਲ ਨੂੰ ਬਣਾਉਣ ਲਈ ਤਿੰਨ ਮਹੀਨੇ ਮਿਹਨਤ ਕੀਤੀ ਸੀ। ਹੁਣ ਸਭ ਕੁਝ ਪਾਣੀ ਦੀ ਮਾਰ ਹੇਠ ਹੈ। ਸਾਨੂੰ ਡਰ ਹੈ ਕਿ ਬਾਂਸ ਦਾ ਢਾਂਚਾ ਢਹਿ ਨਾ ਜਾਵੇ।’