ਰਾਹੁਲ ਗਾਂਧੀ ਅਤੇ ਮੰਤਰੀ ਵਿਚਕਾਰ ਤਿੱਖੀ ਬਹਿਸ, ਵੀਡੀਓ ਵਾਇਰਲ
ਇੱਥੇ ਕੇਂਦਰੀ ਯੋਜਨਾਵਾਂ ਦੀ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਵਿਚਕਾਰ ਤਿੱਖੀ ਬਹਿਸ ਹੋਈ। ਇਹ ਬਹਿਸ ਉਦੋਂ ਹੋਈ ਜਦੋਂ ਮੰਤਰੀ ਨੂੰ ਦੱਸਿਆ ਗਿਆ ਕਿ ਮੈਂਬਰਾਂ ਨੂੰ ਬੋਲਣ ਤੋਂ ਪਹਿਲਾਂ ਪ੍ਰਧਾਨ ਦੀ ਇਜਾਜ਼ਤ ਲੈਣੀ ਚਾਹੀਦੀ ਹੈ।
11 ਸਤੰਬਰ ਨੂੰ ਹੋਈ ਇਸ ਬੈਠਕ ਦੀ ਬਹਿਸ ਦਾ ਇੱਕ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।
ਇਹ ਘਟਨਾ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਐਂਡ ਮੋਨੀਟਰਿੰਗ ਕਮੇਟੀ (DISHA) ਦੀ ਬੈਠਕ ਦੌਰਾਨ ਵਾਪਰੀ ਹੈ। ਬੈਠਕ ਵਿੱਚ ਅਮੇਠੀ ਦੇ ਸੰਸਦ ਮੈਂਬਰ ਅਤੇ DISHA ਦੇ ਸਹਿ-ਚੇਅਰਪਰਸਨ ਕਿਸ਼ੋਰੀ ਲਾਲ ਸ਼ਰਮਾ, ਕਈ ਵਿਧਾਇਕ ਅਤੇ ਬਲਾਕ ਮੁਖੀ ਵੀ ਮੌਜੂਦ ਸਨ।
ਸ਼ਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਟਕਰਾਅ ਉਦੋਂ ਪੈਦਾ ਹੋਇਆ ਜਦੋਂ ਸਿੰਘ ਨੇ ਸਿੱਧੇ ਤੌਰ 'ਤੇ ਅਧਿਕਾਰੀਆਂ ਤੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਸ਼ਰਮਾ ਨੇ ਕਿਹਾ, ‘‘DISHA ਬੈਠਕਾਂ ਵਿੱਚ ਮੈਂਬਰਾਂ ਨੂੰ ਬੋਲਣ ਤੋਂ ਪਹਿਲਾਂ ਪ੍ਰਧਾਨ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਇਸ ਪ੍ਰਕਿਰਿਆ ਬਾਰੇ ਯਾਦ ਦਿਵਾਇਆ, ਜਿਵੇਂ ਕਿ ਲੋਕ ਸਭਾ ਵਿੱਚ ਸਾਰੇ ਸਵਾਲ ਸਪੀਕਰ ਰਾਹੀਂ ਸੰਬੋਧਿਤ ਕੀਤੇ ਜਾਂਦੇ ਹਨ।’’
ਉਨ੍ਹਾਂ ਕਿਹਾ ਕਿ ਇੱਕ ਮੰਤਰੀ ਨੂੰ ਸੰਸਦੀ ਸ਼ਿਸ਼ਟਾਚਾਰ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਕਿਹਾ, ‘‘ਮੁੱਖ ਮੰਤਰੀ ਨੂੰ ਅਜਿਹੇ ਵਿਵਹਾਰ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸ ਨਾਲ ਕੈਬਨਿਟ ਅਨੁਸ਼ਾਸਨ ਬਾਰੇ ਕੀ ਸੰਦੇਸ਼ ਜਾਂਦਾ ਹੈ?’’
ਵਾਇਰਲ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਹਾਂ। ਜੇਕਰ ਤੁਸੀਂ ਕੁਝ ਕਹਿਣਾ ਹੈ, ਤਾਂ ਪਹਿਲਾਂ ਪੁੱਛੋ ਅਤੇ ਫਿਰ ਮੈਂ ਤੁਹਾਨੂੰ ਬੋਲਣ ਦਾ ਮੌਕਾ ਦੇਵਾਂਗਾ।’’
ਇਸ DISHA ਬੈਠਕ ਦਾ ਸਮਾਜਵਾਦੀ ਪਾਰਟੀ ਦੇ ਉਂਚਾਹਾਰ ਤੋਂ ਬਰਖਾਸਤ ਵਿਧਾਇਕ ਮਨੋਜ ਕੁਮਾਰ ਪਾਂਡੇ ਨੇ ਬਾਈਕਾਟ ਕੀਤਾ, ਕਿਉਂਕਿ ਉਸ ਦੇ ਇੱਕ ਪ੍ਰਸਤਾਵ ਨੂੰ ਮੰਨਿਆ ਨਹੀਂ ਗਿਆ। ਉਧਰ ਲਾਲਗੰਜ ਬਲਾਕ ਮੁਖੀ ਸ਼ਿਵਾਨੀ ਸਿੰਘ ਨੇ ਨਾਰਾਜ਼ ਹੋ ਕੇ ਇਸ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਕਿਉਂਕਿ ਕਥਿਤ ਤੌਰ 'ਤੇ ਉਨ੍ਹਾਂ ਦੇ ਵਾਹਨ ਨੂੰ ਕਲੈਕਟੋਰੇਟ ਦਫਤਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ।