ਪੂਜਾ ਅਸਥਾਨਾਂ ਬਾਰੇ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਸੁਣਵਾਈ ਅੱਜ
ਨਵੀਂ ਦਿੱਲੀ, 11 ਦਸੰਬਰ
ਸੁਪਰੀਮ ਕੋਰਟ ਵੱਲੋਂ 1991 ਦੇ ਪੂਜਾ ਅਸਥਾਨਾਂ ਬਾਰੇ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਵੀਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਤੇ ਕੇਵੀ ਵਿਸ਼ਵਨਾਥਨ ’ਤੇ ਆਧਾਰਿਤ ਤਿੰਨ ਜੱਜਾਂ ਦੇ ਬੈਂਚ ਵੱਲੋਂ ਇਸ ਮਾਮਲੇ ’ਤੇ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਅਰਜ਼ੀਆਂ ’ਚ ਅਸ਼ਵਨੀ ਉਪਾਧਿਆਏ ਵੱਲੋਂ ਦਾਖ਼ਲ ਇਕ ਅਰਜ਼ੀ ਵੀ ਸ਼ਾਮਲ ਹੈ ਜਿਸ ’ਚ ਉਸ ਨੇ ਪੂਜਾ ਅਸਥਾਨਾਂ (ਵਿਸ਼ੇਸ਼ ਪ੍ਰਾਵਧਾਨ) ਐਕਟ, 1991 ਦੀਆਂ ਧਾਰਾਵਾਂ 2, 3 ਅਤੇ 4 ਨੂੰ ਦਰਕਿਨਾਰ ਕਰਨ ਦੀ ਅਪੀਲ ਕੀਤੀ ਹੈ। ਅਰਜ਼ੀਆਂ ’ਚ ਦਲੀਲਾਂ ਦਿੱਤੀਆਂ ਗਈਆਂ ਹਨ ਕਿ ਇਹ ਧਾਰਾਵਾਂ ਕਿਸੇ ਵਿਅਕਤੀ ਜਾਂ ਧਾਰਮਿਕ ਜਥੇਬੰਦੀ ਦੇ ਪੂਜਾ ਅਸਥਾਨ ਨੂੰ ਦੁਬਾਰਾ ਹਾਸਲ ਕਰਨ ਲਈ ਅਦਾਲਤ ’ਚ ਜਾਣ ਦੇ ਹੱਕ ’ਤੇ ਰੋਕ ਲਾਉਂਦੀਆਂ ਹਨ। ਸੀਪੀਐੱਮ ਤੇ ਮਹਾਰਾਸ਼ਟਰ ਦੇ ਵਿਧਾਇਕ ਜਿਤੇਂਦਰ ਸਤੀਸ਼ ਅਵਹਦ ਨੇ ਵੀ ਐਕਟ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਕਈ ਬਕਾਇਆ ਪਟੀਸ਼ਨਾਂ ਖ਼ਿਲਾਫ਼ ਅਰਜ਼ੀਆਂ ਦਾਖ਼ਲ ਕੀਤੀਆਂ ਹਨ। -ਪੀਟੀਆਈ