ਸੁਣਿਆ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ,‘ਚੰਗਾ ਕਦਮ’: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਕ ਬਿਆਨ ਵਿਚ ਹੈ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ, ਜਿਸ ਦੀ ਉਨ੍ਹਾਂ ਨੇ ਇੱਕ ਚੰਗੇ ਕਦਮ ਵਜੋਂ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਉਹ ਇਸ ਘਟਨਾਕ੍ਰਮ ਬਾਰੇ ਪੱਕਾ ਯਕੀਨ ਨਹੀਂ ਰੱਖਦੇ।
ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਖੈਰ, ਮੈਂ ਸਮਝਦਾ ਹਾਂ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਮੈਂ ਇਹੀ ਸੁਣਿਆ ਹੈ। ਮੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਨਹੀਂ, ਪਰ ਇਹ ਇੱਕ ਚੰਗਾ ਕਦਮ ਹੈ। ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।’’
ਟਰੰਪ ਦੀਆਂ ਇਹ ਟਿੱਪਣੀਆਂ ਵ੍ਹਾਈਟ ਹਾਊਸ ਵੱਲੋਂ ਲਗਭਗ 70 ਦੇਸ਼ਾਂ ਤੋਂ ਹੋਣ ਵਾਲੇ ਦਰਾਮਦ ’ਤੇ ਅਮਰੀਕਾ ਦੁਆਰਾ ਲਗਾਏ ਜਾਣ ਵਾਲੇ ਟੈਕਸ (ਵਪਾਰਕ ਟੈਕਸ) ਦੇ ਐਲਾਨ ਤੋਂ ਇੱਕ ਦਿਨ ਬਾਅਦ ਆਈਆਂ ਹਨ। ਕਾਰਜਕਾਰੀ ਹੁਕਮ ਦੇ ਅਨੁਸਾਰ ਭਾਰਤ ਨੂੰ 25 ਪ੍ਰਤੀਸ਼ਤ ਟੈਕਸ ਦਾ ਸਾਹਮਣਾ ਕਰਨਾ ਪਵੇਗਾ, ਪਰ ਇਸ ਵਿੱਚ ਉਸ ਜੁਰਮਾਨੇ ਦਾ ਜ਼ਿਕਰ ਨਹੀਂ ਕੀਤਾ ਗਿਆ ਜੋ ਟਰੰਪ ਨੇ ਕਿਹਾ ਸੀ ਕਿ ਭਾਰਤ ਨੂੰ ਰੂਸੀ ਫੌਜੀ ਸਾਜ਼ੋ-ਸਾਮਾਨ ਅਤੇ ਊਰਜਾ ਦੀ ਖਰੀਦ ਕਾਰਨ ਦੇਣਾ ਪਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੂੰ ਸ਼ੁੱਕਰਵਾਰ ਨੂੰ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਉਨ੍ਹਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਸੀ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਤੇਲ ਕੰਪਨੀਆਂ ਨੇ ਪਿਛਲੇ ਹਫ਼ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ।
ਜੈਸਵਾਲ ਨੇ ਜਵਾਬ ਦਿੱਤਾ ਕਿ ਜਿੱਥੋਂ ਤੱਕ ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਦਾ ਸਵਾਲ ਹੈ, ‘‘ਅਸੀਂ ਕੋਮਾਂਤਰੀ ਬਾਜ਼ਾਰ ਵਿੱਚ ਤੇਲ ਦੀ ਉਪਲਬਧ ਕੀਮਤ ਅਤੇ ਉਸ ਸਮੇਂ ਦੀ ਵਿਸ਼ਵਵਿਆਪੀ ਸਥਿਤੀ ਦੇ ਆਧਾਰ ’ਤੇ ਫੈਸਲੇ ਲੈਂਦੇ ਹਾਂ। ਜਿੱਥੋਂ ਤੱਕ ਤੁਹਾਡੇ ਖਾਸ ਸਵਾਲ ਦੇ ਵੇਰਵਿਆਂ ਦਾ ਸਬੰਧ ਹੈ, ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਮੇਰੇ ਕੋਲ ਇਨ੍ਹਾਂ ਵੇਰਵਿਆਂ ਦੀ ਜਾਣਕਾਰੀ ਨਹੀਂ ਹੈ।’’
ਟਰੰਪ ਨੇ ਭਾਰਤ ਅਤੇ ਰੂਸ ਦੇ ਨਜ਼ਦੀਕੀ ਸਬੰਧਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਸੀ ਕਿ ਦੋਵੇਂ ਦੇਸ਼ ਆਪਣੀਆਂ ਮਰੀਆਂ ਹੋਈਆਂ ਅਰਥਵਿਵਸਥਾਵਾਂ ਨੂੰ ਇਕੱਠੇ ਹੇਠਾਂ ਲੈ ਜਾ ਸਕਦੇ ਹਨ।
ਟਰੰਪ ਨੇ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਵਿੱਚ ਕਿਹਾ ਸੀ, "ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਉਹ ਆਪਣੀਆਂ ਮਰੀਆਂ ਹੋਈਆਂ ਅਰਥਵਿਵਸਥਾਵਾਂ ਨੂੰ ਇਕੱਠੇ ਹੇਠਾਂ ਲੈ ਜਾ ਸਕਦੇ ਹਨ। ਅਸੀਂ ਭਾਰਤ ਨਾਲ ਬਹੁਤ ਘੱਟ ਵਪਾਰ ਕੀਤਾ ਹੈ, ਉਨ੍ਹਾਂ ਦੇ ਟੈਕਸ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਵੱਧ। ਇਸੇ ਤਰ੍ਹਾਂ, ਰੂਸ ਅਤੇ ਅਮਰੀਕਾ ਲਗਭਗ ਕੋਈ ਵਪਾਰ ਇਕੱਠੇ ਨਹੀਂ ਕਰਦੇ। ਆਓ ਇਸ ਨੂੰ ਇਸੇ ਤਰ੍ਹਾਂ ਰੱਖੀਏ...।’’ ਪੀਟੀਆਈ