ਸਿਹਤ ਸੇਵਾ ਕੌਮੀ ਵਿਕਾਸ ਦਾ ਅਨਿੱਖੜਵਾਂ ਅੰਗ: ਮੁਰਮੂ
ਰਾਸ਼ਟਰਪਤੀ ਵੱਲੋਂ ਮੈਡੀਕਲ ਪੇਸ਼ੇਵਰਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ; ਸਿਹਤਮੰਦ ਭਾਰਤ ਵਿਕਸਿਤ ਭਾਰਤ ਦੀ ਬੁਨਿਆਦ: ਰਾਜਨਾਥ ਸਿੰਘ
ਗਾਜ਼ੀਆਬਾਦ ਦੇ ਇੰਦਰਾਪੁਰਮ ’ਚ ਪ੍ਰਾਈਵੇਟ ਹਸਪਤਾਲ ਦੇ ਉਦਘਾਟਨ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰ। -ਫੋਟੋ: ਪੀਟੀਆਈ
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਿਹਤ ਸੇਵਾਵਾਂ ਕੌਮੀ ਵਿਕਾਸ ਦਾ ਅਨਿੱਖੜ ਅੰਗ ਹਨ ਅਤੇ ਕਿਸੇ ਵੀ ਨਾਗਰਿਕ ਨੂੰ ਪ੍ਰਭਾਵੀ ਸਿਹਤ ਸੇਵਾਵਾਂ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ।
ਗਾਜ਼ੀਆਬਾਦ ਦੇ ਇੰਦਰਾਪੁਰਮ ਵਿੱਚ ਪ੍ਰਾਈਵੇਟ ਹਸਪਤਾਲ ਯਸ਼ੋਦਾ ਮੈਡੀਸਿਟੀ ਦਾ ਉਦਘਾਟਨ ਕਰਨ ਤੋਂ ਬਾਅਦ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸੇਵਾ ਦੇ ਕੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਦੇਸ਼ ਦੀ ਵੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਤੁਹਾਡੀ ਸਾਰਿਆਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੀ ਹਾਂ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਯਸ਼ੋਦਾ ਹਸਪਤਾਲ ਕੌਮੀ ਸਿਹਤ ਤਰਜੀਹਾਂ ਮੁਤਾਬਕ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।’’
ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਵੀ ਹਾਜ਼ਰ ਸਨ।
ਮੁਰਮੂ ਨੇ ਰਾਸ਼ਟਰ ਨਿਰਮਾਣ ਵਿੱਚ ਸਿਹਤ ਸੇਵਾ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘‘ਸਿਹਤ ਸੇਵਾ ਕੌਮੀ ਵਿਕਾਸ ਦਾ ਅਨਿੱਖੜ ਅੰਗ ਹੈ। ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸਰਕਾਰ ਦੀਆਂ ਮੁੱਖ ਤਰਜੀਹਾਂ ’ਚੋਂ ਇਕ ਹੈ। ਇਹ ਕੋਸ਼ਿਸ਼ਾਂ ਸਿਹਤਮੰਦ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣਗੀਆਂ।’’
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿਹਤਮੰਦ ਭਾਰਤ ਹੀ ਵਿਕਸਿਤ ਭਾਰਤ ਦੀ ਬੁਨਿਆਦ ਹੈ। ਉਨ੍ਹਾਂ ਕਿਹਾ, ‘‘ਅਸੀਂ ਉਸ ਭਾਰਤ ਵੱਲ ਵਧ ਰਹੇ ਹਾਂ ਜਿਸ ਦਾ ਸੁਫ਼ਨਾ ਸਾਡੇ ਪੁਰਖਿਆਂ ਨੇ ਵੇਖਿਆ ਸੀ, ਜੋ ਸ਼ਕਤੀਸ਼ਾਲੀ ਤੇ ਸਿਹਤਮੰਦ ਹੋਵੇ।’’
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹੁਣ ਸੂਬੇ ਦੇੇ ਲੋਕਾਂ ਨੂੰ ਇਲਾਜ ਲਈ ਦਿੱਲੀ ’ਚ ਭਟਕਣਾ ਨਹੀਂ ਪਵੇਗਾ।
Advertisement
Advertisement
