ਵਿਕਸਤ ਭਾਰਤ ਲਈ ਦੇਸ਼ ਵਾਸੀਆਂ ਦੀ ਤੰਦਰੁਸਤੀ ਜ਼ਰੂਰੀ: ਮੁਰਮੂ
ਗੋਰਖਪੁਰ, 1 ਜੁਲਾਈ
ਇੱਥੇ ਅੱਜ ਮਹਾਯੋਗੀ ਗੁਰੂ ਗੋਰਖਨਾਥ ਆਯੂਸ਼ ਯੂਨੀਵਰਸਿਟੀ ਦਾ ਉਦਘਾਟਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਦੀ ਤਰੱਕੀ ਵਿੱਚ ਰਵਾਇਤੀ ਭਾਰਤੀ ਸਿਹਤ ਸੰਭਾਲ ਪ੍ਰਣਾਲੀਆਂ ਅਤੇ ਜੀਵਨ ਸ਼ੈਲੀ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਲੋਕ ਸਿਹਤਮੰਦ ਰਹੇ ਤਾਂ 2047 ਤੱਕ ਭਾਰਤ ਨੂੰ ਵਿਕਸਤ ਕਰਨ ਦਾ ਸੁਫਨਾ ਸਾਕਾਰ ਹੋ ਸਕਦਾ ਹੈ ਅਤੇ ਆਯੂਸ਼ ਯੂਨੀਵਰਸਿਟੀ ਇਸ ਵਿੱਚ ਅਹਿਮ ਯੋਗਦਾਨ ਪਾਵੇਗੀ। ਮੁਰਮੂ ਨੇ ਕਿਹਾ, ‘ਅੱਜ ਭਾਰਤ ਦੀ ਆਵਾਜ਼ ਦੁਨੀਆ ਭਰ ਵਿੱਚ ਸੁਣਾਈ ਦੇ ਰਹੀ ਹੈ ਪਰ ਇਸ ਨੂੰ ਬਰਕਰਾਰ ਰੱਖਣ ਲਈ ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ। ਅਸੀਂ ਕਹਿੰਦੇ ਹਾਂ ਕਿ ਸਿਹਤ ਹੀ ਦੌਲਤ ਹੈ। ਜੇ ਅਸੀਂ ਸਿਹਤਮੰਦ ਰਹੀਏ ਤਾਂ ਭਾਰਤ ਨੂੰ ਵਿਕਸਿਤ ਭਾਰਤ ਅਤੇ ਵਿਸ਼ਵਗੁਰੂ ਬਣਾਉਣ ਦਾ ਸਾਡਾ ਸੁਪਨਾ 2047 ਤੱਕ ਸਾਕਾਰ ਹੋ ਸਕਦਾ ਹੈ।’ ਰਵਾਇਤੀ ਸਿਹਤ ਸੰਭਾਲ ਵਿਧੀਆਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਨੂੰ ਆਧੁਨਿਕ ਦਵਾਈ ਦੇ ਨਾਲ-ਨਾਲ ਆਯੁਰਵੈਦਿਕ ਅਤੇ ਕੁਦਰਤ ਅਧਾਰਾਤ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ।
ਇਸ ਦੌਰਾਨ ਉਨ੍ਹਾਂ ਗੋਰਖਪੁਰ ਜ਼ਿਲ੍ਹੇ ਦੇ ਭਟਹਟ ਦੇ ਪਿਪਰੀ ਵਿੱਚ 268 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਯੂਨੀਵਰਸਿਟੀ ਵਿੱਚ ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕੀਤੀ। ਉਨ੍ਹਾਂ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ, ਆਡੀਟੋਰੀਅਮ, ਪੰਚਕਰਮਾ ਕੇਂਦਰ ਦਾ ਉਦਘਾਟਨ ਅਤੇ ਲੜਕੀਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸੂਬੇ ਵਿੱਚ ਪਹਿਲੀ ਅਜਿਹੀ ਯੂਨੀਵਰਸਿਟੀ ਲਿਆਉਣ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਕੀਤਾ। -ਪੀਟੀਆਈ
ਸਿੱਖਿਆ ਨੂੰ ਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਦੱਸਿਆ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ ਸਿੱਖਿਆ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਯੂਨੀਵਰਸਿਟੀ ਵੱਲੋਂ ਲੜਕੀਆਂ ਦੇ ਨਵੇਂ ਹੋਸਟਲ ਦੀ ਸਥਾਪਨਾ ਔਰਤਾਂ ਲਈ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਵੱਡਾ ਕਦਮ ਹੈ ਤੇ ਮੈਂ ਇਸ ਪਹਿਲਕਦਮੀ ਦੀ ਤਹਿ ਦਿਲੋਂ ਪ੍ਰਸੰਸਾ ਕਰਦੀ ਹਾਂ।’’ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਨੂੰ ਵਧੇਰੇ ਸਮਰਪਣ ਨਾਲ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗਾ।