ਹਜ਼ਰਤਬਲ ਵਿਵਾਦ: ਪੁਲੀਸ ਨੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਈ ਭੰਨ-ਤੋੜ ਦੀ ਘਟਨਾ ਦੇ ਵੀਡੀਓ ਅਤੇ ਸੀਸੀਟੀਵੀ ਫੁਟੇਜ ਖੰਘਾਲਣ ਮਗਰੋਂ ਪੁਲੀਸ ਨੇ 25 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪਰ ਕੁਝ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।’’
ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਹਜ਼ਰਤਬਲ ਦਰਗਾਹ ਵਿੱਚ ਅਸ਼ੋਕਾ ਚਿੰਨ੍ਹ ਵਾਲੀ ਤਖ਼ਤੀ ਦੀ ਭੰਨਤੋੜ ਕੀਤੇ ਜਾਣ ਤੋਂ ਬਾਅਦ ਇੱਕ ਵਿਵਾਦ ਭਖ਼ ਗਿਆ ਕਿਉਂਕਿ ਸਿਆਸੀ ਪਾਰਟੀਆਂ ਨੇ ਵਕਫ਼ ਬੋਰਡ ਦੀ ਮੁਖੀ ਦਰਕਸ਼ਣ ਅੰਦਰਾਬੀ ’ਤੇ ਮਸਜਿਦ ਵਿੱਚ ਕੌਮੀ ਪ੍ਰਤੀਕ ਦੀ ਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਅਤੇ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਵਕਫ਼ ਬੋਰਡ ਨੂੰ ‘ਗਲਤੀ’ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੌਮੀ ਚਿੰਨ੍ਹ ਸਰਕਾਰੀ ਕਾਰਜਾਂ ਲਈ ਹੈ, ਧਾਰਮਿਕ ਸੰਸਥਾਵਾਂ ਲਈ ਨਹੀਂ।
ਹਾਲਾਂਕਿ ਐੱਨਸੀ, ਪੀਡੀਪੀ ਅਤੇ ਸੀਪੀਆਈ (ਐੱਮ) ਵਰਗੀਆਂ ਪਾਰਟੀਆਂ ਨੇ ਕਿਹਾ ਕਿ ਮਸਜਿਦ ਵਿੱਚ ਅਸ਼ੋਕ ਚਿੰਨ੍ਹ ਦੀ ਵਰਤੋਂ ‘ਭੜਕਾਊ’ ਅਤੇ ਨਿੰਦਾਜਨਕ ਸੀ। ਭਾਜਪਾ ਨੇ ਬੇਅਦਬੀ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਇਹ ਘਟਨਾ ਘਾਟੀ ਵਿੱਚ ਅਤਿਵਾਦ ਅਤੇ ਵੱਖਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਸੀ।
ਅਸ਼ੋਕਾ ਚਿੰਨ੍ਹ ਵਾਲੀ ਇਹ ਤਖ਼ਤੀ ਵੀਰਵਾਰ ਨੂੰ ਹਜ਼ਰਤਬਲ ਦਰਗਾਹ ਅੰਦਰ ਲਗਾਈ ਗਈ ਸੀ, ਜਿਸ ਨਾਲ ਸ਼ਰਧਾਲੂਆਂ ’ਚ ਗੁੱਸਾ ਪੈਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਸਜਿਦ ਦੇ ਅੰਦਰ ਕੋਈ ਵੀ ਚਿੱਤਰ ਜਾਂ ਚਿੰਨ੍ਹ ਰੱਖਣਾ ਇੱਕ ਈਸ਼ਵਰਵਾਦ ਦੇ ਇਸਲਾਮੀ ਸਿਧਾਂਤ ਖ਼ਿਲਾਫ਼ ਹੈ।
ਬਾਅਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਤਖ਼ਤੀ ਦੀ ਭੰਨਤੋੜ ਕੀਤੀ ਗਈ ਅਤੇ ਇਸ ਨੂੰ ਹਟਾ ਦਿੱਤਾ ਗਿਆ, ਜਿਸ ਕਾਰਨ ਪੁਲੀਸ ਨੂੰ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨਾ ਪਿਆ।
ਉਮਰ ਅਬਦੁੱਲਾ ਨੇ ਕਿਹਾ, ‘‘ਮੈਂ ਕਦੇ ਵੀ ਕਿਸੇ ਧਾਰਮਿਕ ਸਥਾਨ ’ਤੇ ਅਜਿਹੇ ਚਿੰਨ੍ਹ ਦੀ ਵਰਤੋਂ ਕਰਦੇ ਨਹੀਂ ਦੇਖਿਆ। ਮਸਜਿਦਾਂ, ਦਰਗਾਹਾਂ, ਮੰਦਰ ਅਤੇ ਗੁਰਦੁਆਰੇ ਸਰਕਾਰੀ ਸੰਸਥਾਵਾਂ ਨਹੀਂ ਹਨ। ਇਹ ਧਾਰਮਿਕ ਸੰਸਥਾਵਾਂ ਹਨ ਅਤੇ ਧਾਰਮਿਕ ਸੰਸਥਾਵਾਂ ਵਿੱਚ ਸਰਕਾਰੀ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ ਜਾਂਦੀ।’’
ਵਿਵਾਦ ਉਦੋਂ ਹੋਰ ਭਖ਼ ਗਿਆ ਜਦੋਂ ਭਾਜਪਾ ਵੱਲੋਂ ਨਿਯੁਕਤ ਕੀਤੇ ਗਏ ਅੰਦਰਾਬੀ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ, ਜਿਸ ਵਿੱਚ ‘ਗੁੰਡਿਆਂ’ ਨੂੰ ਸਖ਼ਤ ਜਨਤਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਨਾਮਜ਼ਦ ਕਰਨ ਸਣੇ ਚਿੰਨ੍ਹ ਵਾਲੀ ਤਖ਼ਤੀ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਦਰਜ ਕੀਤਾ ਗਿਆ।
ਅਬਦੁੱਲਾ ਨੇ ਅੰਦਰਾਬੀ ਦੇ ਜਵਾਬ ਦੀ ਨਿੰਦਾ ਕਰਦਿਆਂ ਕਿਹਾ ਕਿ ਬੋਰਡ ‘ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ’ ਅਤੇ ਹੁਣ ਧਮਕੀਆਂ ਦੀ ਵਰਤੋਂ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, ‘‘ਪਹਿਲਾਂ ਘੱਟੋ ਘੱਟ ਉਨ੍ਹਾਂ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਸੀ। ਉਨ੍ਹਾਂ ਨੂੰ ਗਲਤੀ ਮੰਨਣੀ ਚਾਹੀਦੀ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ।’’