ਨਫ਼ਰਤੀ ਭਾਸ਼ਣ: ਅਲਾਹਾਬਾਦ ਹਾਈ ਕੋਰਟ ਵੱਲੋਂ ਅੱਬਾਸ ਅੰਸਾਰੀ ਦੀ ਸਜ਼ਾ ਰੱਦ
ਅਲਾਹਾਬਾਦ ਹਾਈ ਕੋਰਟ ਨੇ 2022 ਦੇ ਨਫ਼ਰਤੀ ਭਾਸ਼ਣ ਮਾਮਲੇ ਵਿੱਚ ਸਾਬਕਾ ਸੰਸਦ ਮੈਂਬਰ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਦੀ ਸਜ਼ਾ ਰੱਦ ਕਰ ਦਿੱਤੀ। ਜਸਟਿਸ ਸਮੀਰ ਜੈਨ ਨੇ ਸੰਸਦ ਮੈਂਬਰ-ਵਿਧਾਇਕ ਦੀ ਵਿਸ਼ੇਸ਼ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮਊ ਦੀ ਵਿਸ਼ੇਸ਼ ਅਦਾਲਤ ਨੇ 31 ਮਈ ਨੂੰ ਨਫ਼ਰਤੀ ਭਾਸ਼ਣ ਮਾਮਲੇ ਵਿੱਚ ਅੱਬਾਸ ਨੂੰ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਅੱਬਾਸ ਨੇ ਅਪੀਲੀ ਅਦਾਲਤ ਵਿੱਚ ਅਰਜ਼ੀ ਦਿੱਤੀ, ਜਿਸ ਨੇ 5 ਜੁਲਾਈ ਨੂੰ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਇਸ ਮਗਰੋਂ ਉਸਨੇ ਰਾਹਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਉਸਨੂੰ ਆਈਪੀਸੀ ਦੀ ਦੀ ਧਾਰਾ 153-ਏ ਅਤੇ 189, ਧਾਰਾ 506 ਅਤੇ ਧਾਰਾ 171ਐਫ ਤਹਿਤ ਸਜ਼ਾ ਸੁਣਾਈ ਗਈ ਸੀ। ਅੰਸਾਰੀ ਨੂੰ 2,000 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਸੀ। ਭਾਸ਼ਣ ਦੌਰਾਨ ਮੰਚ ’ਤੇ ਮੌਜੂਦ ਰਹੇ ਅੱਬਾਸ ਦੇ ਚੋਣ ਏਜੰਟ ਮਨਸੂਰ ਖਾਨ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮਊ ਸਦਰ ਵਿਧਾਨ ਸਭਾ ਹਲਕੇ ਤੋਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਤਤਕਾਲੀ ਵਿਧਾਇਕ ਅੰਸਾਰੀ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਸਮਾਜਵਾਦੀ ਪਾਰਟੀ ਦੇ ਸੱਤਾ ਵਿੱਚ ਆਉਣ ’ਤੇ ਕਥਿਤ ਨਤੀਜੇ ਭੁਗਤਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ, "ਮੈਂ ਅਖਿਲੇਸ਼ ਭਈਆ (ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ) ਨੂੰ ਕਿਹਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਛੇ ਮਹੀਨਿਆਂ ਤੱਕ ਨੌਕਰਸ਼ਾਹਾਂ ਦਾ ਕੋਈ ਤਬਾਦਲਾ ਜਾਂ ਤਾਇਨਾਤੀ ਨਹੀਂ ਹੋਵੇਗੀ। ਸਾਰੇ ਉੱਥੇ ਹੀ ਰਹਿਣਗੇ ਜਿੱਥੇ ਉਹ ਹਨ। ਪਹਿਲਾਂ ਲੇਖਾ-ਜੋਖਾ ਹੋਵੇਗਾ, ਫਿਰ ਹੀ ਤਬਾਦਲੇ ਹੋਣਗੇ।’’ ਉਨ੍ਹਾਂ ਨੇ ਮਊ ਸੀਟ 38,000 ਤੋਂ ਵੱਧ ਵੋਟਾਂ ਨਾਲ ਜਿੱਤੀ ਸੀ।