ਹਮਾਸ ਨੇ ਟਰੰਪ ਦੀ ਸ਼ਾਂਤੀ ਯੋਜਨਾ ਦੀਆਂ ਕੁਝ ਸ਼ਰਤਾਂ ਮੰਨੀਆਂ
ਗਾਜ਼ਾ ’ਚ ਜੰਗ ਖ਼ਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਦੀਆਂ ਕੁਝ ਸ਼ਰਤਾਂ ਹਮਾਸ ਨੇ ਮੰਨ ਲਈਆਂ ਹਨ। ਇਸ ਮਗਰੋਂ ਇਜ਼ਰਾਇਲੀ ਫ਼ੌਜ ਨੇ ਯੋਜਨਾ ਦੇ ਪਹਿਲੇ ਗੇੜ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਜ਼ਰਾਇਲੀ ਆਗੂਆਂ ਨੇ ਵੀ ਫ਼ੌਜ ਨੂੰ ਯੋਜਨਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ-ਹਮਾਸ ਜੰਗ ’ਚ ਮੌਤਾਂ ਦਾ ਅੰਕੜਾ 67 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ ’ਚ ਬਚਾਅ ਵਾਲੀ ਸਥਿਤੀ ਅਖ਼ਤਿਆਰ ਕਰ ਲਈ ਹੈ ਅਤੇ ਉਹ ਹਮਲੇ ਨਹੀਂ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਪੱਟੀ ’ਚੋਂ ਕੋਈ ਵੀ ਜਵਾਨ ਹਟਾਇਆ ਨਹੀਂ ਗਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਯੋਜਨਾ ਦੀਆਂ ਕੁਝ ਸ਼ਰਤਾਂ ਹਮਾਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ ਇਜ਼ਰਾਈਲ ਨੂੰ ਗਾਜ਼ਾ ’ਚ ਹਮਲੇ ਰੋਕਣ ਦੇ ਹੁਕਮ ਦਿੱਤੇ ਸਨ। ਟਰੰਪ ਨੇ ਹਮਾਸ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਸੀ, ‘‘ਮੈਨੂੰ ਲਗਦਾ ਹੈ ਕਿ ਉਹ ਸ਼ਾਂਤੀ ਲਈ ਤਿਆਰ ਹਨ।’’ ਅਮਰੀਕੀ ਰਾਸ਼ਟਰਪਤੀ ਚਾਹੁੰਦੇ ਹਨ ਕਿ ਹਮਲੇ ਦੀ ਮੰਗਲਵਾਰ ਨੂੰ ਦੂਜੀ ਬਰਸੀ ਤੋਂ ਪਹਿਲਾਂ ਦਰਜਨਾਂ ਬੰਦੀ ਛੱਡ ਦਿੱਤੇ ਜਾਣ। ਇਸ ਦੌਰਾਨ ਮਿਸਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਮਾਸ ਤੋਂ ਬੰਦੀਆਂ ਨੂੰ ਛੁਡਾਉਣ ਅਤੇ ਇਜ਼ਰਾਇਲੀ ਹਿਰਾਸਤ ’ਚੋਂ ਸੈਂਕੜੇ ਫਲਸਤੀਨੀਆਂ ਦੀ ਰਿਹਾਈ ਲਈ ਗੱਲਬਾਤ ਜਾਰੀ ਹੈ। ਗੋਲੀਬੰਦੀ ਦੀ ਵਾਰਤਾ ’ਚ ਸ਼ਾਮਲ ਰਹੇ ਅਧਿਕਾਰੀ ਨੇ ਕਿਹਾ ਕਿ ਵਿਚੋਲਗੀ ਕਰ ਰਹੇ ਅਰਬ ਮੁਲਕ ਫਲਸਤੀਨੀਆਂ ਵਿਚਾਲੇ ਵਿਆਪਕ ਵਾਰਤਾ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਵਾਰਤਾ ਦਾ ਉਦੇਸ਼ ਗਾਜ਼ਾ ਦੇ ਭਵਿੱਖ ਪ੍ਰਤੀ ਫਲਸਤੀਨੀਆਂ ਨੂੰ ਇਕਜੁੱਟ ਕਰਨਾ ਹੈ। ‘ਫਲਸਤੀਨੀ ਇਸਲਾਮਿਕ ਜਹਾਦ’ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਟਰੰਪ ਦੀ ਯੋਜਨਾ ’ਤੇ ਹਮਾਸ ਦੀ ਪ੍ਰਤੀਕਿਰਿਆ ਨੂੰ ਉਹ ਸਵੀਕਾਰ ਕਰਦਾ ਹੈ। ਕੁਝ ਦਿਨ ਪਹਿਲਾਂ ਹਮਾਸ ਨੇ ਯੋਜਨਾ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਯੋਜਨਾ ਤਹਿਤ ਹਮਾਸ ਤਿੰਨ ਦਿਨਾਂ ਦੇ ਅੰਦਰ ਬਾਕੀ ਰਹਿੰਦੇ 48 ਬੰਦੀਆਂ ਨੂੰ ਰਿਹਾਅ ਕਰੇਗਾ ਜਿਨ੍ਹਾਂ ’ਚੋਂ ਕਰੀਬ 20 ਦੇ ਜਿਊਂਦਾ ਬਚੇ ਹੋਣ ਦੀ ਆਸ ਹੈ। ਹਮਾਸ ਸੱਤਾ ਅਤੇ ਹਥਿਆਰ ਵੀ ਛੱਡ ਦੇਵੇਗਾ। ਇਸ ਦੇ ਬਦਲੇ ’ਚ ਇਜ਼ਰਾਈਲ ਹਮਲੇ ਰੋਕ ਦੇਵੇਗਾ ਅਤੇ ਜ਼ਿਆਦਾਤਰ ਇਲਾਕਿਆਂ ’ਚੋਂ ਫ਼ੌਜ ਪਿੱਛੇ ਹਟ ਜਾਵੇਗੀ। ਇਸ ਦੇ ਨਾਲ ਸੈਂਕੜੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਮਾਨਵੀ ਸਹਾਇਤਾ ਨਹੀਂ ਰੋਕੀ ਜਾਵੇਗੀ।
ਗਾਜ਼ਾ ’ਚ ਸ਼ਾਂਤੀ ਬਹਾਲੀ ਦੇ ਯਤਨਾਂ ਦੀ ਹਮਾਇਤ ਕਰੇਗਾ ਭਾਰਤ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵੱਲੋਂ ਬੰਦੀ ਰਿਹਾਅ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਭਾਰਤ ਸ਼ਾਂਤੀ ਲਈ ਸਾਰੇ ਯਤਨਾਂ ਦਾ ਡਟ ਕੇ ਸਮਰਥਨ ਕਰਨਾ ਜਾਰੀ ਰੱਖੇਗਾ।’’ ਇਸ ਤੋਂ ਪਹਿਲਾਂ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ ਪੱਟੀ ’ਤੇ ਬੰਬਾਰੀ ਬੰਦ ਕਰਨ ਲਈ ਕਿਹਾ ਸੀ ਜਿਸ ਮਗਰੋਂ ਹਮਾਸ ਨੇ ਦੋ ਸਾਲਾਂ ਤੋਂ ਚਲੀ ਆ ਰਹੀ ਲੜਾਈ ਖ਼ਤਮ ਕਰਨ ਅਤੇ ਸਾਰੇ ਬੰਦੀਆਂ ਨੂੰ ਛੱਡਣ ਦੀ ਮੰਗ ਨੂੰ ਸਵੀਕਾਰ ਕਰ ਲਿਆ। -ਪੀਟੀਆਈ