ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਕਈ ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਬੇਸ਼ੱਕ ਅੱਜ ਮੀਂਹ ਪੈਣ ਤੋਂ ਬਚਾਅ ਰਿਹਾ ਹੈ ਪਰ ਰਾਵੀ ਤੇ ਬਿਆਸ ਦੇ ਪਾਣੀ ਨੇ ਸੈਂਕੜੇ ਪਿੰਡਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨੇ ਅੱਜ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟਾਂ ਨੂੰ ਉਖਾੜ ਦਿੱਤਾ। ਫਲੱਡ ਗੇਟ ਖੋਲ੍ਹਣ ਵਿੱਚ ਜੁਟੀ ਮਾਹਿਰਾਂ ਦੀ ਟੀਮ ’ਚੋਂ ਇੱਕ ਚਾਰਜਮੈਨ ਪਾਣੀ ਵਿੱਚ ਰੁੜ੍ਹ ਗਿਆ, ਜਿਸ ਦਾ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ। ਦੋ ਹੋਰ ਮੁਲਾਜ਼ਮਾਂ ਨੂੰ ਮੌਕੇ ’ਤੇ ਸਾਥੀ ਮੁਲਾਜ਼ਮ ਬਚਾਉਣ ’ਚ ਸਫਲ ਰਹੇ। ਇਸ ਮੌਕੇ ਕਰੀਬ 60 ਮੁਲਾਜ਼ਮ ਫਸ ਗਏ ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਵੇਲੇ ਰਾਵੀ ਦਰਿਆ ਵਿੱਚ 2.12 ਲੱਖ ਕਿਊਸਿਕ ਪਾਣੀ ਵਗ ਰਿਹਾ ਸੀ। ਕੱਲ੍ਹ ਸ਼ਾਮ ਸਮੇਂ ਰਾਵੀ ਵਿੱਚ ਪਾਣੀ ਦਾ ਪੱਧਰ 4.60 ਲੱਖ ਕਿਊਸਿਕ ਤੱਕ ਵਧ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਫਲੱਡ ਗੇਟ ਖੋਲ੍ਹਣ ਲਈ ਕਰੀਬ 90 ਮਾਹਿਰਾਂ ਦੀ ਟੀਮ ਸਮੁੱਚੇ ਪੰਜਾਬ ’ਚੋਂ ਸੱਦੀ ਗਈ ਸੀ। 150 ਸਾਲ ਪਹਿਲਾਂ ਬਣੇ ਮਾਧੋਪੁਰ ਹੈੱਡਵਰਕਸ ਦੇ ਗੇਟਾਂ ’ਤੇ ਰਾਵੀ ਵਿੱਚ ਵਧੇ ਪਾਣੀ ਕਾਰਨ ਅੱਠ-ਅੱਠ ਫੁੱਟ ਗਾਰ ਚੜ੍ਹ ਗਈ ਸੀ ਜਿਸ ਨੇ ਫਲੱਡ ਗੇਟਾਂ ਨੂੰ ਜਾਮ ਕਰ ਦਿੱਤਾ ਸੀ। ਭਾਰਤ ਦਾ ਰਾਵੀ ਦਰਿਆ ’ਤੇ ਆਖ਼ਰੀ ਮਾਧੋਪੁਰ ਹੈੱਡਵਰਕਸ ਹੈ ਜਿਸ ਦੇ 54 ਫਲੱਡ ਗੇਟਾਂ ’ਚੋਂ ਹੁਣ ਸਿਰਫ਼ ਕੁੱਝ ਗੇਟ ਹੀ ਬੰਦ ਰਹਿ ਗਏ ਹਨ। ਰਾਵੀ ਦਰਿਆ ਦਾ ਪਾਣੀ ਹੁਣ ਆਪ ਮੁਹਾਰੇ ਪਾਕਿਸਤਾਨ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਦੇ ਆਸ-ਪਾਸ ਰਾਵੀ ਦਰਿਆ ਦਾ ਘੇਰਾ ਅੱਠ ਕਿਲੋਮੀਟਰ ਚੌੜਾ ਹੋ ਗਿਆ ਹੈ। ਰਣਜੀਤ ਸਾਗਰ ਡੈਮ ਵਿੱਚ ਪਹਾੜਾਂ ’ਚੋਂ ਕਰੀਬ ਇੱਕ ਲੱਖ ਕਿਊਸਿਕ ਪਾਣੀ ਆ ਰਿਹਾ ਹੈ। ਅੱਜ ਇਸ ਡੈਮ ’ਚੋਂ ਬਿਆਸ ਦਰਿਆ ਵਿੱਚ 2.15 ਲੱਖ ਕਿਊਸਿਕ ਪਾਣੀ ਅਤੇ ਸ਼ਾਮ ਸਮੇਂ 52,493 ਕਿਊਸਿਕ ਪਾਣੀ ਛੱਡਿਆ ਗਿਆ। ਤਿੰਨੋਂ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ’ਤੇ ਹਨ। ਪੌਂਗ ਡੈਮ ’ਚੋਂ ਅੱਜ 94,845 ਕਿਊਸਿਕ ਪਾਣੀ ਅਤੇ ਭਾਖੜਾ ਡੈਮ ’ਚੋਂ 43,800 ਕਿਊਸਿਕ ਪਾਣੀ ਛੱਡਿਆ ਗਿਆ। ਮਿਲੇ ਵੇਰਵਿਆਂ ਅਨੁਸਾਰ ਹਰੀਕੇ ਵਿੱਚ ਅੱਜ 2.60 ਲੱਖ ਕਿਊਸਿਕ ਅਤੇ ਹੁਸੈਨੀਵਾਲਾ ਕੋਲ 2.58 ਲੱਖ ਕਿਊਸਿਕ ਪਾਣੀ ਵਗਿਆ। ਬਿਆਸ ਦਰਿਆ ’ਚ ਢਿਲਵਾਂ ਲਾਗੇ ਕਰੀਬ ਦੋ ਲੱਖ ਕਿਊਸਿਕ ਪਾਣੀ ਵਗ ਰਿਹਾ ਸੀ। ਅੱਜ ਸਰਹਿੰਦ ਫੀਡਰ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਪਿੰਡ ਝਾਮਕੇ ਦਾ ਪੁਲ ਰੁੜ੍ਹ ਗਿਆ, ਜਿਸ ਮਗਰੋਂ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ। ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਵੱਲੋਂ 30-31 ਅਗਸਤ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਪੁੱਜੇ, ਜਿੱਥੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਵੀ ਉਨ੍ਹਾਂ ਦੀ ਬਹਿਸ ਹੋ ਗਈ। ਕੈਬਨਿਟ ਵਜ਼ੀਰਾਂ ਤੋਂ ਇਲਾਵਾ ਅੱਜ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਰਾਹਤ ਕੰਮਾਂ ਵਿੱਚ ਜੁਟੇ ਰਹੇ। ‘ਆਪ’ ਨੇ ਹੜ੍ਹਾਂ ਦੇ ਮੱਦੇਨਜ਼ਰ ਆਪਣੇ ਬਾਕੀ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਪੁਲ ਬੰਦ ਹੋਣ ਕਾਰਨ ਜੰਮੂ ਤੇ ਪੰਜਾਬ ਦਾ ਸੰਪਰਕ ਟੁੱਟਿਆ
ਰਾਵੀ ਦਰਿਆ ਦਾ ਪੁਲ ਬੰਦ ਹੋਣ ਕਾਰਨ ਜੰਮੂ ਅਤੇ ਪੰਜਾਬ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਰਾਵੀ ਦਰਿਆ ’ਤੇ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਅਜਨਾਲਾ ਦੇ ਪਿੰਡਾਂ ਵਿੱਚ ਰਾਵੀ ਦਾ ਪਾਣੀ ਦਾਖ਼ਲ ਹੋ ਗਿਆ ਹੈ। ਅੰਮ੍ਰਿਤਸਰ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਆਖ ਦਿੱਤਾ ਹੈ। ਬਠਿੰਡਾ ਤੋਂ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਅੱਜ ਅਜਨਾਲਾ ਖੇਤਰ ਵਿੱਚ ਸੱਦਿਆ ਗਿਆ ਹੈ। ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰਤੀ ਫ਼ੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਪਾਣੀ ਵਿੱਚ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਪੰਜਾਬ ਵਿੱਚ 2.30 ਲੱਖ ਏਕੜ ਫ਼ਸਲ ਡੁੱਬੀ
ਪੰਜਾਬ ਵਿੱਚ ਹੜ੍ਹਾਂ ਨਾਲ ਹੁਣ ਤੱਕ 2.30 ਲੱਖ ਏਕੜ ਫ਼ਸਲ ਨੁਕਸਾਨੀ ਜਾ ਚੁੱਕੀ ਹੈ ਅਤੇ ਪੰਜਾਬ ਦੇ ਸਿਰਫ਼ ਛੇ ਜ਼ਿਲ੍ਹੇ ਹੜ੍ਹਾਂ ਦੀ ਮਾਰ ਤੋਂ ਬਚੇ ਹਨ। ਸੂਬੇ ਵਿੱਚ ਸਭ ਤੋਂ ਵੱਧ ਮਾਨਸਾ ਜ਼ਿਲ੍ਹੇ ’ਚ 52,660 ਏਕੜ, ਫ਼ਾਜ਼ਿਲਕਾ ਵਿੱਚ 38,297 ਏਕੜ, ਕਪੂਰਥਲਾ ਜ਼ਿਲ੍ਹੇ ’ਚ 35,484 ਏਕੜ, ਤਰਨ ਤਾਰਨ ’ਚ 23,440 ਅਤੇ ਫ਼ਿਰੋਜ਼ਪੁਰ ’ਚ 19,584 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।
ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹਤ ਕਾਰਜਾਂ ’ਚ ਲਾਇਆ
ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਰਾਹਤ ਕਾਰਜਾਂ ’ਚ ਸੂਬਾ ਸਰਕਾਰ ਦਾ ਹੈਲੀਕਾਪਟਰ ਤਾਇਨਾਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਅੱਜ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ। ਹੜ੍ਹ ਪ੍ਰਭਾਵਿਤ ਖੇਤਰਾਂ ਦਾ ਸੜਕੀ ਮਾਰਗ ਰਾਹੀਂ ਦੌਰਾ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਸਰਕਾਰੀ ਹੈਲੀਕਾਪਟਰ ਅੱਜ ਤੋਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਨੇ ਤਾਮਿਲਨਾਡੂ ਦੇ ਦੌਰੇ ਤੋਂ ਤੁਰੰਤ ਪਰਤ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰੀ ਹੈਲੀਕਾਪਟਰ ਛੱਡ ਕੇ ਮਨੁੱਖਤਾ ਪ੍ਰਤੀ ਸਨੇਹ ਦਿਖਾਇਆ ਹੈ।
ਮੁੱਖ ਮੰਤਰੀ ਨੇ ਕਈ ਥਾਵਾਂ ’ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਢਾਰਸ ਦਿੱਤੀ ਅਤੇ ਕਿਹਾ ਕਿ ਕੁਦਰਤੀ ਮਾਰ ਕਿਸੇ ਦੇ ਹੱਥ ਵੱਸ ਨਹੀਂ ਹੁੰਦੀ ਪ੍ਰੰਤੂ ਉਹ ਕਿਸੇ ਨੂੰ ਆਪਣੇ ਹਾਲ ’ਤੇ ਨਹੀਂ ਛੱਡਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਕੈਬਨਿਟ ਵਜ਼ੀਰਾਂ ਦੀ ਅਗਵਾਈ ’ਚ ਟੀਮਾਂ ਰਾਹਤ ਕੰਮਾਂ ਦੀ ਨਿਗਰਾਨੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇੱਕ ਇੱਕ ਪੈਸੇ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਨੂੰ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾ ਚੁੱਕੇ ਹਨ।
ਜਵਾਹਰ ਨਵੋਦਿਆ ਵਿਦਿਆਲਿਆ ’ਚੋਂ 381 ਬੱਚੇ ਅਤੇ 70 ਅਧਿਆਪਕ ਸੁਰੱਖਿਅਤ ਕੱਢੇ
ਗੁਰਦਾਸਪੁਰ (ਕੇਪੀ ਸਿੰਘ): ਰਾਵੀ ਦਰਿਆ ਵਿੱਚ ਹੜ੍ਹ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਦਬੂੜੀ ਸਥਿਤ ਪੀਐੱਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਫਸੇ 381 ਵਿਦਿਆਰਥੀਆਂ ਅਤੇ 70 ਦੇ ਕਰੀਬ ਅਧਿਆਪਕਾਂ ਨੂੰ ਅੱਜ ਸੁਰੱਖਿਅਤ ਬਾਹਰ ਕੱਢਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਬੀ ਐੱਸ ਐੱਫ਼ ਅਤੇ ਐੱਨ ਡੀ ਆਰ ਐੱਫ਼ ਦੀਆਂ ਟੀਮਾਂ ਅਤੇ ਖ਼ਾਲਸਾ ਏਡ ਤੇ ਗਲੋਬਲ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਬਚਾਅ ਕਾਰਜ ਚਲਾਏ। ਸਕੂਲ ਵਿੱਚ 4 ਤੋਂ 5 ਫੁੱਟ ਦੇ ਕਰੀਬ ਪਾਣੀ ਭਰ ਗਿਆ ਸੀ। ਸਕੂਲ ਦੇ ਪ੍ਰਿੰਸੀਪਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ ’ਤੇ ਫੋਨ ਕਰਕੇ ਸਹਾਇਤਾ ਮੰਗੀ ਸੀ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਅਣਗਹਿਲੀ ਦਾ ਨੋਟਿਸ ਲੈਂਦਿਆਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਛੁੱਟੀ ਕਰਕੇ ਘਰ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।