ਸੋਸ਼ਲ ਮੀਡੀਆ ਦੀ ਜਾਂਚ ਲਈ ਐੱਚ-1ਬੀ ਵੀਜ਼ਾ ਇੰਟਰਵਿਊ ਮੁਲਤਵੀ
ਅਮਰੀਕਾ ਜਾਣ ਦੇ ਚਾਹਵਾਨ ਹਜ਼ਾਰਾਂ ਭਾਰਤੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਮਹੀਨੇ ਹੋਣ ਵਾਲੀਆਂ ਐੱਚ-1ਬੀ ਵੀਜ਼ਾ ਇੰਟਰਵਿਊਆਂ ਨੂੰ ਅਚਾਨਕ ਕਈ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਆਨਲਾਈਨ ਪ੍ਰੋਫਾਈਲਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਇਹ ਕਦਮ ਚੁੱਕਿਆ ਹੈ। ਜਿਨ੍ਹਾਂ ਬਿਨੈਕਾਰਾਂ ਦੀਆਂ ਮੀਟਿੰਗਾਂ (ਅਪੁਆਇੰਟਮੈਂਟਾਂ) 15 ਦਸੰਬਰ ਤੋਂ ਬਾਅਦ ਤੈਅ ਸਨ, ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਇੰਟਰਵਿਊਆਂ ਹੁਣ ਅਗਲੇ ਸਾਲ ਮਾਰਚ ਜਾਂ ਮਈ ਤੱਕ ਟਾਲ ਦਿੱਤੀਆਂ ਗਈਆਂ ਹਨ। ਕਈ ਮਾਮਲਿਆਂ ਵਿੱਚ ਇਹ ਤਰੀਕਾਂ ਅਪਰੈਲ 2026 ਤੱਕ ਵੀ ਦਿੱਤੀਆਂ ਗਈਆਂ ਹਨ।
ਇਸ ਫੈਸਲੇ ਕਾਰਨ ਜ਼ਿਆਦਾਤਰ ਉਹ ਭਾਰਤੀ ਪ੍ਰਭਾਵਿਤ ਹੋਏ ਹਨ ਜੋ ਛੁੱਟੀਆਂ ਮਨਾਉਣ ਭਾਰਤ ਆਏ ਸਨ। ਹੁਣ ਵੀਜ਼ਾ ਨਾ ਹੋਣ ਕਾਰਨ ਉਹ ਆਪਣੀਆਂ ਨੌਕਰੀਆਂ ’ਤੇ ਵਾਪਸ ਅਮਰੀਕਾ ਨਹੀਂ ਪਰਤ ਸਕਦੇ, ਜਿਸ ਕਾਰਨ ਉਨ੍ਹਾਂ ਦੇ ਰੁਜ਼ਗਾਰ ’ਤੇ ਖਤਰਾ ਮੰਡਰਾਉਣ ਲੱਗਾ ਹੈ। ਨਵੇਂ ਨਿਯਮਾਂ ਕਾਰਨ ਹੋਰ ਵੀਜ਼ਾ ਸ਼੍ਰੇਣੀਆਂ ਦੀਆਂ ਇੰਟਰਵਿਊਆਂ ਵੀ ਪ੍ਰਭਾਵਿਤ ਹੋਈਆਂ ਹਨ। ਭਾਰਤ ਵਿੱਚ ਅਮਰੀਕੀ ਸਫਾਰਤਖਾਨੇ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਨੂੰ ਰੀ-ਸ਼ਡਿਊਲ ਦੀ ਈਮੇਲ ਮਿਲੀ ਹੈ, ਉਹ ਪੁਰਾਣੀ ਤਰੀਕ ’ਤੇ ਕੌਂਸਲੇਟ ਦਫ਼ਤਰਾਂ ਵਿੱਚ ਨਾ ਆਉਣ ਕਿਉਂਕਿ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਿਊਸਟਨ ਸਥਿਤ ਇਮੀਗ੍ਰੇਸ਼ਨ ਵਕੀਲ ਐਮਿਲੀ ਨਿਊਮੈਨ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਿਨਾਂ ਚਿਤਾਵਨੀ ਇੰਟਰਵਿਊ ਰੱਦ ਹੋਣ ਕਾਰਨ ਕਾਰੋਬਾਰਾਂ ਅਤੇ ਮੁਲਾਜ਼ਮਾਂ ਲਈ ਬੇਯਕੀਨੀ ਦਾ ਮਾਹੌਲ ਪੈਦਾ ਹੋ ਗਿਆ ਹੈ।
