ਗੁਜਰਾਤ ਸਰਕਾਰ ਵੱਲੋਂ ਵਡੋਦਰਾ ’ਚ ਢਹਿ-ਢੇਰੀ ਪੁਲ ਦੇ ਬਰਾਬਰ ਨਵੇਂ ਪੁਲ ਨੂੰ ਮਨਜ਼ੂਰੀ
212 ਕਰੋੜ ਦੀ ਲਾਗਤ ਨਾਲ ਡੇਢ ਸਾਲ ਵਿਚ ਤਿਆਰ ਹੋਵੇਗਾ ਨਵਾਂ ਦੋ-ਮਾਰਗੀ ਪੁਲ
ਅਹਿਮਦਾਬਾਦ, 14 ਜੁਲਾਈ
ਗੁਜਰਾਤ ਸਰਕਾਰ ਨੇ ਵਡੋਦਰਾ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਮਾਹੀਸਾਗਰ ਨਦੀ ’ਤੇ ਬਣੇ ਪੁਲ ਦਾ ਇਕ ਹਿੱਸਾ ਢਹਿਣ ਮਗਰੋਂ ਇਸ ਪੁਲ ਦੇ ਬਿਲਕੁਲ ਬਰਾਬਰ ਦੋ-ਮਾਰਗੀ ਪੁਲ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਲ ਦੇ ਨਿਰਮਾਣ ’ਤੇ 212 ਕਰੋੜ ਰੁਪਏ ਦੀ ਲਾਗਤ ਆਏਗੀ। ਦੱਸਣਾ ਬਣਦਾ ਹੈ ਕਿ ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਦੇ 40 ਸਾਲ ਪੁਰਾਣੇ ਪੁਲ ਦਾ ਇੱਕ ਹਿੱਸਾ ਢਹਿਣ ਕਾਰਨ ਕਈ ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ ਸਨ। ਇਸ ਹਾਦਸੇ ਵਿਚ 20 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂ ਕਿ ਇੱਕ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਗੰਭੀਰਾ ਪਿੰਡ ਨੇੜੇ ਇਹ ਪੁਰਾਣਾ ਪੁਲ ਮੱਧ ਗੁਜਰਾਤ ਅਤੇ ਸੌਰਾਸ਼ਟਰ ਵਿਚਕਾਰ ਇੱਕ ਮੁੱਖ ਸੰਪਰਕ ਸੀ।
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਵਡੋਦਰਾ ਅਤੇ ਆਨੰਦ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਮੁਜਪੁਰ ਨੇੜੇ ਇੱਕ ਨਵੇਂ ਪੁਲ ਦੇ ਨਿਰਮਾਣ ਲਈ ਸੜਕਾਂ ਅਤੇ ਇਮਾਰਤਾਂ ਵਿਭਾਗ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ। ਅਧਿਕਾਰਤ ਰਿਲੀਜ਼ ਮੁਤਾਬਕ ਸਰਕਾਰ ਨੇ ਇਸ ਨਵੇਂ ਪੁਲ ਨੂੰ 18 ਮਹੀਨਿਆਂ ਵਿੱਚ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਸਰਵੇਖਣ ਤੋਂ ਬਾਅਦ ਆਰ ਐਂਡ ਬੀ ਵਿਭਾਗ ਨੇ ਹਾਲ ਹੀ ਵਿੱਚ ਵਿਸਤਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ।
ਮੌਜੂਦਾ ਪੁਲ ਦਾ ਇਕ ਹਿੱਸਾ ਢਹਿਣ ਮਗਰੋਂ ਕੇਂਦਰੀ ਗੁਜਰਾਤ ਅਤੇ ਸੌਰਾਸ਼ਟਰ ਵਿਚਾਲੇ ਸੰਪਰਕ ਟੁੱਟ ਗਿਆ ਅਤੇ ਸਥਾਨਕ ਯਾਤਰੀਆਂ ਤੇ ਵਿਦਿਆਰਥੀਆਂ ਨੂੰ ਖੱਜਲ ਖੁਆਰਾ ਹੋਣਾ ਪਿਆ, ਜਿਸ ਕਰਕੇ ਮੁੱਖ ਮੰਤਰੀ ਨੇ ਇਸ ਨਵੇਂ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਆਰ ਐਂਡ ਬੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਐਨ.ਵੀ. ਰਾਠਵਾ ਨੇ ਕਿਹਾ ਕਿ ਮੌਜੂਦਾ ਦੋ-ਮਾਰਗੀ ਮੁਜਪੁਰ ਪਹੁੰਚ ਸੜਕ ਨੂੰ ਚਾਰ ਲੇਨ ਤੱਕ ਵਧਾਇਆ ਜਾਵੇਗਾ ਅਤੇ ਸੱਤ ਮੀਟਰ ਤੱਕ ਚੌੜਾ ਕੀਤਾ ਜਾਵੇਗਾ। ਹਾਈਵੇਅ ਤੋਂ ਪੁਲ ਤੱਕ 4.2 ਕਿਲੋਮੀਟਰ ਦੇ ਹਿੱਸੇ ਨੂੰ ਵੀ ਚਾਰ ਲੇਨ ਕੀਤਾ ਜਾਵੇਗਾ।
ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਮਾਹੀਸਾਗਰ ਨਦੀ ਵਿੱਚ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਰਬੜ ਦੀਆਂ ਕਿਸ਼ਤੀਆਂ ਅਤੇ ਹੋਰ ਜ਼ਰੂਰੀ ਉਪਕਰਣਾਂ ਨਾਲ ਖੋਜ ਕਰ ਰਹੀਆਂ ਸਨ। -ਪੀਟੀਆਈ