Gujarat ਅਦਾਲਤ ਵੱਲੋਂ ਸਰਕਾਰ ਨੂੰ ਹਾਰਦਿਕ ਪਟੇਲ ਤੇ ਚਾਰ ਹੋਰਨਾਂ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਵਾਪਸ ਲੈਣ ਦੀ ਆਗਿਆ
ਅਹਿਮਦਾਬਾਦ, 2 ਮਾਰਚ
ਅਹਿਮਦਾਬਾਦ ਦੀ ਅਦਾਲਤ ਨੇ 2015 ਦੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਨਾਲ ਸਬੰਧਤ ਭਾਜਪਾ ਵਿਧਾਇਕ ਹਾਰਦਿਕ ਪਟੇਲ ਤੇ ਚਾਰ ਹੋਰਨਾਂ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਵਾਪਸ ਲੈਣ ਸਬੰਧੀ ਗੁਜਰਾਤ ਸਰਕਾਰ ਦੀ ਅਪੀਲ ਮਨਜ਼ੂਰ ਕਰ ਲਈ ਹੈ।
ਸ਼ਨਿੱਚਰਵਾਰ ਨੂੰ ਪਾਸ ਹੁਕਮ ’ਚ ਵਧੀਕ ਸੈਸ਼ਨ ਜੱਜ ਐੱਮ.ਪੀ. ਪੁਰੋਹਿਤ ਦੀ ਅਦਾਲਤ ਨੇ ਸਪੈਸ਼ਲ ਸਰਕਾਰੀ ਵਕੀਲ ਸੁਧੀਰ ਬ੍ਰਹਮਭੱਟ ਵੱਲੋਂ ਹਾਰਦਿਕ ਪਟੇਲ, ਦਿਨੇਸ਼ ਬੰਭਾਨੀਆ, ਚਿਰਾਗ ਪਟੇਲ, ਕੇਤਨ ਪਟੇਲ ਅਤੇ ਅਲਪੇਸ਼ ਕਥੀਰੀਆ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਵਾਪਸ ਲੈਣ ਲਈ ਦਾਇਰ ਅਰਜ਼ੀ ਮਨਜ਼ੂਰ ਕਰ ਲਈ।
ਅਦਾਲਤ ਨੇ ਪੰਜ ਮੁਲਜ਼ਮਾਂ ਨੂੰ ਸੀਆਰਪੀਸੀ ਦੀ ਧਾਰਾ 321(ਏ) ਤਹਿਤ ਲਾਏ ਗਏ ਸਾਰੇ ਦੋਸ਼ਾਂ ਨੂੰ ਸਰਕਾਰੀ ਧਿਰ ਵੱਲੋਂ ਵਾਪਸ ਲਿਆ ਮੰਨਦੇ ਹੋਏ ਦੋਸ਼ ਮੁਕਤ ਕਰ ਦਿੱਤਾ। ਤਿੰਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ ਪਰ ਕੇਤਨ ਪਟੇਲ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਗਏ ਕਿਉਂਕਿ ਉਨ੍ਹਾਂ ਨੂੰ ਮਾਮਲੇ ’ਚ ਗਵਾਹ ਵਜੋਂ ਪੇਸ਼ ਹੋਣ ਦੇ ਆਧਾਰ ’ਤੇ ਮੁਆਫ਼ੀ ਦੇੇ ਦਿੱਤੀ ਗਈ।
ਦੂਜੇ ਪਾਸੇ ਜਾਂਚ ਅਧਿਕਾਰੀ ਵੱਲੋਂ ਮੁਲਜ਼ਮਾਂ ਖਿਲਾਫ਼ ਸਪਲੀਮੈਂਟਰੀ ਦੋਸ਼ ਪੱਤਰ ਦਾਖਲ ਕੀਤੇ ਜਾਣ ਮਗਰੋਂ ਕਥੀਰੀਆ ਵਿਰੁੱਧ ਇਹ ਮਾਮਲਾ ਦੋਸ਼ ਤੈਅ ਕੀਤੇ ਜਾਣ ਦੇ ਗੇੜ ’ਚ ਪੈਂਡਿੰਗ ਸੀ। -ਪੀਟੀਆਈ