Gujarat cabinet expansion: ਮੁੱਖ ਮੰਤਰੀ ਭੁਪੇਂਦਰ ਪਟੇਲ ਵੱਲੋਂ ਮੰਤਰੀ ਮੰਡਲ ਦਾ ਵਿਸਤਾਰ, ਹਰਸ਼ ਸੰਘਵੀ ਬਣੇ ਉਪ ਮੁੱਖ ਮੰਤਰੀ
ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਸ਼ੁੱਕਰਵਾਰ ਨੂੰ ਇਕ ਵੱਡੇ ਵਜ਼ਾਰਤੀ ਫੇਰਬਦਲ ਵਿਚ 19 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ। ਪਟੇਲ ਨੇ ਨਵੀਂ ਕੈਬਨਿਟ ਵਿਚ ਆਪਣੀ ਪਿਛਲੀ ਟੀਮ ਵਿੱਚੋਂ ਛੇ ਜਣਿਆ ਨੂੰ ਬਰਕਰਾਰ ਰੱਖਿਆ, ਜਿਨ੍ਹਾਂ ਵਿੱਚ ਹਰਸ਼ ਸੰਘਵੀ ਵੀ ਸ਼ਾਮਲ ਹਨ। ਸੰਘਵੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਵੀ ਕੈਬਨਿਟ ਵਿਚ ਜਗ੍ਹਾ ਬਣਾਉਣ ਵਿਚ ਸਫ਼ਲ ਰਹੀ ਹੈ। ਇਸ ਫੇਰਬਦਲ ਨਾਲ ਵਜ਼ਾਰਤ ਵਿਚ ਮੁੱਖ ਮੰਤਰੀ ਸਣੇ ਕੁੱਲ ਨਫ਼ਰੀ 26 ਹੋ ਗਈ ਹੈ, ਜੋ ਪਹਿਲਾਂ 17 ਸੀ। ਗੁਜਰਾਤ, ਜਿਸ ਦੀ 182 ਮੈਂਬਰੀ ਵਿਧਾਨ ਸਭਾ ਹੈ, ਵਿੱਚ ਵੱਧ ਤੋਂ ਵੱਧ 27 ਮੰਤਰੀ (ਸਦਨ ਦੀ ਤਾਕਤ ਦਾ 15 ਫੀਸਦ) ਹੋ ਸਕਦੇ ਹਨ।
ਗੁਜਰਾਤ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਜੁਨ ਮੋਧਵਾਡੀਆ, ਜੋ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਨੇ ਕੈਬਨਿਟ ਵਿਚ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੇ ਵੀ ਰਾਜ ਮੰਤਰੀ ਵਜੋਂ ਹਲਫ਼ ਲਿਆ। ਚੇਤੇ ਰਹੇ ਕਿ ਮੁੱਖ ਮੰਤਰੀ ਪਟੇਲ ਨੇ ਵਜ਼ਾਰਤ ਵਿਚ ਵਿਸਤਾਰ ਤੋਂ ਇਕ ਦਿਨ ਪਹਿਲਾਂ ਖੁ਼ਦ ਨੂੰ ਛੱਡ ਕੇ ਸਾਰੇ 16 ਮੰਤਰੀਆਂ ਦੇ ਅਸਤੀਫ਼ੇ ਲੈ ਲਏ ਸਨ।