ਜੀ ਐੱਸ ਟੀ ਸੁਧਾਰ ਜਾਰੀ ਰਹਿਣਗੇ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਸਤਾਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) ’ਚ ਸੁਧਾਰ ਜਾਰੀ ਰਹਿਣਗੇ ਅਤੇ ਅਰਥਚਾਰੇ ਦੇ ਹੋਰ ਮਜ਼ਬੂਤ ਹੋਣ ਨਾਲ ਨਾਗਰਿਕਾਂ ’ਤੇ ਟੈਕਸਾਂ ਦਾ ਬੋਝ ਹੋਰ ਘੱਟ ਹੋਵੇਗਾ। ਉਹ ਗਰੇਟਰ ਨੋਇਡਾ ’ਚ ਕੌਮਾਂਤਰੀ ਵਪਾਰ ਮੇਲੇ ’ਚ ਸ਼ਮੂਲੀਅਤ ਕਰ ਰਹੇ ਸਨ। ਉਨ੍ਹਾਂ ਅੱਜ ਰਾਜਸਥਾਨ ਦੇ ਬਾਂਸਵਾੜਾ ’ਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ 1,22,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਗਰੇਟਰ ਨੋਇਡਾ ’ਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਜੀ ਐੱਸ ਟੀ ’ਚ ਸੁਧਾਰ ਦੇਸ਼ ਦੇ ਵਿਕਾਸ ਨੂੰ ਨਵੀਂ ਉਡਾਣ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੈਕਸਾਂ ’ਚ ਜ਼ਿਕਰਯੋਗ ਕਮੀ ਕੀਤੀ ਹੈ, ਮਹਿੰਗਾਈ ’ਤੇ ਲਗਾਮ ਲਾਈ ਹੈ ਅਤੇ ਲੋਕਾਂ ਦੀ ਆਮਦਨ ਤੇ ਬੱਚਤ ਦੋਵਾਂ ’ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਕਰਕੇ ਅਤੇ ਨਵੇਂ ਜੀ ਐੱਸ ਟੀ ਸੁਧਾਰ ਲਾਗੂ ਕਰਕੇ ਦੇਸ਼ ਦੇ ਨਾਗਰਿਕ ਇਸ ਸਾਲ 2.5 ਲੱਖ ਕਰੋੜ ਰੁਪਏ ਦੀ ਬੱਚਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ’ਤੇ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਝੂਠ ਫੈਲਾਉਣ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ’ਚ ਟੈਕਸ ਦੀ ਲੁੱਟ ਮੱਚੀ ਸੀ। ਇਸੇ ਤਰ੍ਹਾਂ ਰਾਜਸਥਾਨ ਦੇ ਬਾਂਸਵਾੜਾ ਦੇ ਨਾਪਲਾ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੱਖ ਵੱਖ ਰਾਜਾਂ ਦੇ ਬਿਜਲੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਅੱਜ ਕਿਹਾ ਕਿ ਦੇਸ਼ ਅੱਜ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਤੇ ਇਸ ਰਫ਼ਤਾਰ ’ਚ ਇਸ ਦੇਸ਼ ਦੇ ਸਾਰੇ ਹਿੱਸੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਨੂੰ ਇੱਜ਼ਤ ਨਾਲ ਜਿਊਣ ਦਾ ਮੌਕਾ ਮਿਲੇ, ਇਹ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ ਹੈ। ਉਨ੍ਹਾਂ ਇਸ ਮੌਕੇ 1,22,100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਕਈ ਨੀਂਹ ਪੱਥਰ ਵੀ ਰੱਖੇ। ਇਨ੍ਹਾਂ ’ਚ ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰਾਜੈਕਟ ਵੀ ਸ਼ਾਮਲ ਹੈ।
ਰੂਸ ਨਾਲ ਭਾਈਵਾਲੀ ਹੋਰ ਮਜ਼ਬੂਤ ਕਰ ਰਿਹੈ ਭਾਰਤ: ਮੋਦੀ
ਗਰੇਟਰ ਨੋਇਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕੇ-203 ਰਾਈਫਲਾਂ ਤੇ ਬ੍ਰਹਿਮੋਸ ਮਿਜ਼ਾਈਲਾਂ ਦੇ ਨਿਰਮਾਣ ਲਈ ਰੂਸ ਨਾਲ ਸਹਿਯੋਗ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਭਾਰਤ, ਰੂਸ ਨਾਲ ਆਪਣੀ ‘ਸਹਾਬਹਾਰ’ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਇਹ ਟਿੱਪਣੀ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 25 ਫੀਸਦ ਟੈਕਸ ਲਾਉਣ ਤੇ ਰੂਸੀ ਤੇਲ ਦੀ ਖਰੀਦ ਜਾਰੀ ਰੱਖਣ ’ਤੇ ਵੱਖਰੇ ਤੌਰ ’ਤੇ 25 ਫੀਸਦ ਜੁਰਮਾਨਾ ਲਾਉਣ ਤੋਂ ਕੁਝ ਹਫ਼ਤੇ ਬਾਅਦ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਇਸ ਵਪਾਰ ਮੇਲੇ ਦਾ ਭਾਈਵਾਲ ਮੁਲਕ ਹੈ। ਉਨ੍ਹਾਂ ਕਿਹਾ, ‘ਇਸ ਵਾਰ ਵਪਾਰ ਮੇਲੇ ਦਾ ਭਾਈਵਾਲ ਮੁਲਕ ਰੂਸ ਹੈ। ਮਤਲਬ ਇਸ ਸ਼ੋਅ ’ਚ ਅਸੀਂ ਇੱਕ ਸਦਾਬਹਾਰ ਭਾਈਵਾਲੀ ਨੂੰ ਵੀ ਮਜ਼ਬੂਤ ਕਰ ਰਹੇ ਹਾਂ।’ -ਪੀਟੀਆਈ