ਪੁਲੀਸ ਚੌਕੀ ’ਤੇ ਗ੍ਰਨੇਡ ਹਮਲਾ: ਐੱਨਆਈਏ ਵੱਲੋਂ ਤਿੰਨ ਖਿਲਾਫ਼ ਚਾਰਜਸ਼ੀਟ ਦਾਇਰ
ਅਨੀਮੇਸ਼ ਸਿੰਘ
ਨਵੀਂ ਦਿੱਲੀ, 15 ਜੂਨ
ਕੌਮੀ ਜਾਂਚ ਏਜੰਸੀ (NIA) ਨੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਐੱਸਬੀਐੱਸ ਨਗਰ ਜ਼ਿਲ੍ਹੇ ਵਿੱਚ ਪੁਲੀਸ ਚੌਕੀ ’ਤੇ ਹੋਏ ਗ੍ਰੇਨੇਡ ਹਮਲੇ ਨਾਲ ਸਬੰਧਤ 2024 ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ। ਇਨ੍ਹਾਂ ਦਾ ਸਬੰਧ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਦੱਸਿਆ ਜਾਂਦਾ ਹੈ। ਯੁਗਪ੍ਰੀਤ ਸਿੰਘ ਉਰਫ ਯੁਵੀ ਨਿਹੰਗ, ਜਸਕਰਨ ਸਿੰਘ ਉਰਫ ਸ਼ਾਹ ਅਤੇ ਹਰਜੋਤ ਸਿੰਘ ਉਰਫ ਜੋਤ ਹੁੰਦਲ, ਸਾਰੇ ਐੱਸਬੀਐੱਸ ਨਗਰ ਦੇ ਰਾਹੋਂ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਖਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA), ਵਿਸਫੋਟਕ ਪਦਾਰਥ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।
ਐੱਨਆਈਏ ਨੇ ਕੇਜ਼ੈੱਡਐੱਫ ਮੁਖੀ ਅਤੇ ਦਹਿਸ਼ਤਗਰਦ ਮਨੋਨੀਤ (ਡੀਆਈਟੀ) ਰਣਜੀਤ ਸਿੰਘ ਉਰਫ ਨੀਟਾ, ਸੰਗਠਨ ਦੇ ਮੈਂਬਰ ਆਪਰੇਟਿਵ ਜਗਜੀਤ ਸਿੰਘ ਲਹਿਰੀ ਉਰਫ ਜੱਗਾ ਉਰਫ ਜੱਗਾ ਮੀਆਂਪੁਰ ਉਰਫ ਹਰੀ ਸਿੰਘ (ਮੌਜੂਦਾ ਸਮੇਂ ਯੂਕੇ ਵਿੱਚ), ਅਤੇ ਹੋਰ ਅਣਪਛਾਤੇ ਦਹਿਸ਼ਤੀ ਕਾਰਕੁਨਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਨਆਈਏ, ਜਿਸ ਨੇ ਇਸ ਸਾਲ ਮਾਰਚ ਵਿੱਚ ਪੰਜਾਬ ਪੁਲੀਸ ਤੋਂ ਕੇਸ ਆਪਣੇ ਹੱਥ ਵਿਚ ਲੈ ਲਿਆ ਸੀ, ਨੇ ਹੁਣ ਤੱਕ ਦੀ ਜਾਂਚ ਵਿਚ ਪਾਇਆ ਹੈ ਕਿ ਜੱਗਾ ਨੇ ਯੂਕੇ ਵਿੱਚ ਇੱਕ ਜਾਣਕਾਰ ਰਾਹੀਂ ਯੁਗਪ੍ਰੀਤ ਸਿੰਘ ਨੂੰ ਭਰਤੀ ਕੀਤਾ ਸੀ। ਜੱਗਾ ਨੇ ਹੋਰ ਕੇਜ਼ੈੱਡਐੱਫ ਅਤਿਵਾਦੀਆਂ ਅਤੇ ਕਾਰਕੁਨਾਂ ਨਾਲ, ਯੁਗਪ੍ਰੀਤ ਨੂੰ ਕੱਟੜਪੰਥੀ ਬਣਾਇਆ ਸੀ ਅਤੇ ਐਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਉਸ ਦੇ ਸੰਪਰਕ ਵਿਚ ਸੀ। ਜੱਗਾ ਨੇ ਕੈਨੇਡਾ-ਅਧਾਰਤ ਸੰਸਥਾਵਾਂ ਦੀ ਇੱਕ ਗੁੰਝਲਦਾਰ ਲੜੀ ਰਾਹੀਂ ਯੁਗਪ੍ਰੀਤ ਨੂੰ 4.36 ਲੱਖ ਰੁਪਏ ਤੋਂ ਵੱਧ ਦੇ ਅੱਤਵਾਦੀ ਫੰਡ ਵੀ ਪ੍ਰਦਾਨ ਕੀਤੇ ਸਨ, ਜਿਨ੍ਹਾਂ ਦੀ ਪਛਾਣ ਅਤੇ ਜਾਂਚ ਕੀਤੀ ਗਈ ਹੈ। ਯੁਗਪ੍ਰੀਤ ਨੇ ਬਦਲੇ ਵਿੱਚ ਦੋ ਹੋਰ ਚਾਰਜਸ਼ੀਟ ਕੀਤੇ ਮੁਲਜ਼ਮਾਂ ਨੂੰ ਭਰਤੀ ਕੀਤਾ ਸੀ ਅਤੇ ਤਿੰਨਾਂ ਨੇ 1 ਅਤੇ 2 ਦਸੰਬਰ, 2024 ਦੀ ਦਰਮਿਆਨੀ ਰਾਤ ਨੂੰ ਪੁਲੀਸ ਚੌਕੀ ਆਸਰੋਂ ’ਤੇ ਹਮਲਾ ਕੀਤਾ ਸੀ। ਤਿੰਨਾਂ ਮੁਲਜ਼ਮਾਂ ਨੂੰ ਨਵੰਬਰ 2024 ਦੇ ਸ਼ੁਰੂ ਵਿੱਚ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਗ੍ਰਨੇਡ ਪ੍ਰਦਾਨ ਕੀਤੇ ਗਏ ਸਨ।