ਜੈਚੰਦ ਜਿਹੇ ਲਾਲਚੀ ਲੋਕ ਮੇਰੇ ਨਾਲ ਸਿਆਸਤ ਖੇਡ ਰਹੇ: ਤੇਜ ਪ੍ਰਤਾਪ ਯਾਦਵ
ਪਟਨਾ, 1 ਜੂਨ
Tej Pratap Yadav: ਰਾਸ਼ਟਰੀ ਜਨਤਾ ਦਲ (RJD) ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੁੱਤਰ ਤੇਜ਼ ਪ੍ਰਤਾਪ ਯਾਦਵ ਨੇ ਅੱਜ ਸਵੇਰੇ ਇਕ ਭਾਵੁਕ ਪੋਸਟ ਵਿਚ ਖ਼ੁਦ ਨੂੰ ਸਿਆਸੀ ਸਾਜ਼ਿਸ਼ਾਂ ਦਾ ਸ਼ਿਕਾਰ ਦੱਸਿਆ ਹੈ। ਉਨ੍ਹਾਂ ਇਸ਼ਾਰਿਆਂ ਵਿਚ ਕੁਝ ‘ਜੈਚੰਦ ਜਿਹੇ ਲਾਲਚੀ ਲੋਕਾਂ’ ਉਤੇ ਨਿਸ਼ਾਨਾ ਸੇਧਿਆ ਹੈ, ਜਿਸ ਨੂੰ ਸਿਆਸੀ ਗਲਿਆਰਿਆਂ ਵਿਚ ਉਨ੍ਹਾਂ ਦੇ ਛੋਟੇ ਭਰਾ ਤੇਜਸਤੀ ਯਾਦਵ ਦੇ ਕਰੀਬੀ ਸੰਜੈ ਯਾਦਵ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ।
ਤੇਜ ਪ੍ਰਤਾਪ ਯਾਦਵ, ਜਿਸ ਨੂੰ ਹਾਲ ਹੀ ਵਿਚ ਉਸ ਦੇ ਪਿਤਾ ਨੇ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਸੀ, ਨੇ ਐਤਵਾਰ ਨੂੰ ਦੋਸ਼ ਲਾਇਆ ਕਿ ‘ਕੁਝ ਲਾਲਚੀ ਲੋਕ ਉਸ ਨਾਲ ਸਿਆਸਤ ਖੇਡ ਰਹੇ ਹਨ।’’ ਪਾਰਟੀ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ 25 ਮਈ ਨੂੰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾਉਂਦਿਆਂ ਉਸ ਨਾਲ ਸਾਰੇ ਪਰਿਵਾਰਕ ਰਿਸ਼ਤੇ ਤੋੜ ਲਏ ਸਨ। ਲਾਲੂ ਨੇ ਆਪਣੇ ਵੱਡੇ ਪੁੱਤਰ ਦੀਆਂ ਕਾਰਵਾਈਆਂ ਨੂੰ ‘ਗ਼ੈਰਜ਼ਿੰਮੇਵਾਰਾਨਾ’ ਕਰਾਰ ਦਿੱਤਾ ਸੀ।
ਯਾਦਵ ਨੇ ਐਕਸ ’ਤੇ ਹਿੰਦੀ ਵਿਚ ਇਕ ਪੋਸਟ ਵਿਚ ਕਿਹਾ, ‘‘ਮੇਰੇ ਪਿਆਰੇ ਮੰਮੀ ਪਾਪਾ...ਮੇਰੀ ਸਾਰੀ ਦੁਨੀਆ ਤੁਹਾਡੇ ਦੋਵਾਂ ਵਿਚ ਵਸਦੀ ਹੈ। ਤੁਸੀਂ ਹੋ ਤਾਂ ਸਭ ਕੁਝ ਮੇਰੇ ਕੋਲ ਹੈ। ਪਾਪਾ ਤੁਸੀਂ ਨਹੀਂ ਹੁੰਦੇ ਤਾਂ ਨਾ ਇਹ ਪਾਰਟੀ ਹੁੰਦੀ ਤੇ ਨਾ ਮੇਰੇ ਨਾਲ ਸਿਆਸਤ ਕਰਨ ਵਾਲੇ ਜੈਚੰਦ ਜਿਹੇ ਲੋਕ।’’ ਤੇਜ ਪ੍ਰਤਾਪ ਦੀ ਇਸ ਪੋਸਟ ਮਗਰੋਂ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਨਿਸ਼ਾਨਾ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਰਿਵਾਰਕ ਤੇ ਸਿਆਸੀ ਤਣਾਅ ਦਾ ਨਤੀਜਾ ਹੈ।
ਸਿਆਸੀ ਸਮੀਖਿਅਕਾਂ ਦਾ ਮੰਨਣਾ ਹੈ ਕਿ ਤੇਜ ਪ੍ਰਤਾਪ ਅਤੇ ਤੇਜਸਵੀ ਯਾਦਵ ਵਿਚਾਲੇ ਟਕਰਾਅ ਉਦੋਂ ਵਧ ਗਿਆ ਜਦੋਂ ਤੇਜਸਵੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਅਤੇ ਤੇਜ ਪ੍ਰਤਾਪ ਨੂੰ ਸੀਮਤ ਜ਼ਿੰਮੇਵਾਰੀਆਂ ਵਾਲਾ ਮੰਤਰਾਲਾ ਦਿੱਤਾ ਗਿਆ। ਜਦੋਂ ਦੂਜੀ ਵਾਰ ਸਰਕਾਰ ਬਣੀ, ਤਾਂ ਤੇਜ ਪ੍ਰਤਾਪ ਦੀਆਂ ਜ਼ਿੰਮੇਵਾਰੀਆਂ ਹੋਰ ਘੱਟ ਗਈਆਂ। ਲਾਲੂ ਦੇ ਵੱਡੇ ਪੁੱਤਰ ਅੰਦਰਲੀ ਇਹ ਨਾਰਾਜ਼ਗੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
ਹਾਲ ਹੀ ਵਿੱਚ, ਇੱਕ ਨੌਜਵਾਨ ਔਰਤ ਨਾਲ ਉਸ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਤੇਜ ਪ੍ਰਤਾਪ ਦੀ ਦਿੱਖ ਨੂੰ ਢਾਹ ਲੱਗੀ। ਤਲਾਕ ਦਾ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਤੋਂ ਬਾਅਦ, ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅਨੁਸ਼ਾਸਨਹੀਣਤਾ ਅਤੇ ਮਰਿਆਦਾ ਦੀ ਉਲੰਘਣਾ ਦੇ ਦੋਸ਼ਾਂ ਵਿੱਚ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ। ਤੇਜਸਵੀ ਯਾਦਵ ਨੇ ਵੀ ਸਪੱਸ਼ਟ ਤੌਰ ’ਤੇ ਕਿਹਾ, "ਨਾ ਤਾਂ ਮੈਨੂੰ ਇਹ ਸਭ ਪਸੰਦ ਹੈ ਅਤੇ ਨਾ ਹੀ ਮੈਂ ਇਸ ਨੂੰ ਬਰਦਾਸ਼ਤ ਕਰਦਾ ਹਾਂ।’’ -ਪੀਟੀਆਈ