ਰਾਜਪਾਲ ਨੇ ਪੰਜਾਬ ’ਚ ਨਸ਼ਿਆਂ ’ਤੇ ਚਿੰਤਾ ਜਤਾਈ
ਪੰਜਾਬ ਸਰਕਾਰ ਵੱਲੋਂ ਸੂਬੇ ’ਚ ਨਸ਼ਿਆਂ ਦੇ ਖਾਤਮੇ ਲਈ ਕੀਤੀ ਜਾ ਰਹੀ ਕਾਰਵਾਈ ਦੇ ਬਾਵਜੂਦ ਇਸ ਦਾ ਖਾਤਮਾ ਨਾ ਹੋਣ ’ਤੇ ਸੂਬੇ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਪੰਜਾਬ ਦੀ ਸਮੱਸਿਆ ਨਹੀਂ, ਇਹ ਸਾਰੇ ਦੇਸ਼ ਵਿੱਚ ਪੈਰ ਪਸਾਰ ਚੁੱਕਿਆ ਹੈ ਪਰ ਪੰਜਾਬ ਇਸ ਸਮੱਸਿਆ ਨਾਲ ਸਭ ਤੋਂ ਵੱਧ ਜੂਝ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਮੌਕੇ ਕਰਵਾਈ ਗਈ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਕਟਾਰੀਆ ਨੇ ਕਿਹਾ, ‘‘ਨਸ਼ਿਆਂ ਵਰਗੀ ਚੁਣੌਤੀ ਦਾ ਮੁਕਾਬਲਾ ਕਰਨਾ ਸਿਰਫ਼ ਪੰਜਾਬ ਲਈ ਨਹੀਂ ਸਗੋਂ ਭਾਰਤ ਦੇ ਭਵਿੱਖ ਲਈ ਵੀ ਜ਼ਰੂਰੀ ਹੈ। ਜੇ ਦੇਸ਼ ਦੀ ਨੌਜਵਾਨ ਪੀੜ੍ਹੀ ਹੀ ਕਮਜ਼ੋਰ ਹੋ ਗਈ ਤਾਂ ਭਾਰਤ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਨਿਰਮਾਣ ਵਿੱਚ ਨੌਜਵਾਨ ਵੱਧ ਚੜ੍ਹ ਕੇ ਯੋਗਦਾਨ ਪਾ ਸਕਣ। ਨਸ਼ਿਆਂ ਦਾ ਖਾਤਮਾ ਸਿਰਫ਼ ਸਰਕਾਰ ਤੇ ਕੁਝ ਲੋਕਾਂ ਦੀ ਮਿਹਨਤ ਨਾਲ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਯਤਨ ਕਰਨ ਦੀ ਲੋੜ ਹੈ।’’ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਵਿੱਚ ਨਸ਼ਿਆਂ ਖ਼ਿਲਾਫ਼ ਕੀਤੀ ਸਖ਼ਤੀ ਦੀ ਸ਼ਲਾਘਾ ਵੀ ਕੀਤੀ।
‘ਆਪ’ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਿਛਲੇ ਛੇ ਮਹੀਨਿਆਂ ਵਿੱਚ ਪੁਲੀਸ ਨੇ 34,719 ਜਣਿਆਂ ਨੂੰ ਕਾਬੂ ਕੀਤਾ ਹੈ। ਇਸੇ ਮੁਹਿੰਮ ਤਹਿਤ ਪੰਜਾਬ ਪੁਲੀਸ ਨੇ ਅੱਜ ਲਗਾਤਾਰ 244ਵੇਂ ਦਿਨ ਕਾਰਵਾਈ ਕਰਦਿਆਂ 77 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 59 ਕੇਸ ਦਰਜ ਕੀਤੇ ਹਨ। ਇਨ੍ਹਾਂ ਤੋਂ ਪੁਲੀਸ ਨੇ 3.3 ਕਿਲੋ ਹੈਰੋਇਨ, 5 ਕਿਲੋ ਅਫੀਮ ਅਤੇ 674 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ।
ਡੱਬੀ
ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਤ ਨਾ ਰਹੇ: ਰਾਜਪਾਲ
ਮੁਹਾਲੀ (ਕਰਮਜੀਤ ਸਿੰਘ ਚਿੱਲਾ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ‘ਨਾਈਪਰ’ ਮੁਹਾਲੀ ਵਿੱਚ ਤਿੰਨ ਰੋਜ਼ਾ ‘ਸਿੱਖਿਆ ਮਹਾਂਕੁੰਭ 2025’ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਿੱਖਿਆ ਨੂੰ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨੂੰ ਘਰ, ਸਮਾਜ ਅਤੇ ਰਾਸ਼ਟਰ ਨਿਰਮਾਣ ਦਾ ਸਾਧਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ‘ਨਾਈਪਰ’ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਗਮ ਦਾ ਮੁੱਖ ਵਿਸ਼ਾ ‘ਕਲਾਸਰੂਮ ਤੋਂ ਸਮਾਜ ਤੱਕ: ਸਿੱਖਿਆ ਰਾਹੀਂ ਇੱਕ ਸਿਹਤਮੰਦ ਦੁਨੀਆਂ ਦਾ ਨਿਰਮਾਣ’ ਹੈ, ਜਿਸ ’ਤੇ 100 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਜਾਣਗੇ ਅਤੇ 30 ਤੋਂ ਵੱਧ ਮਾਹਿਰ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਭਾਸ਼ਣ ਦੇਣਗੇ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਪ੍ਰੋ. ਆਰ ਪੀ ਤਿਵਾੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਈਪਰ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ। ਵਿਦਿਆ ਭਾਰਤੀ ਦੇ ਨਿਰਦੇਸ਼ਕ ਦੇਸ਼ ਰਾਜ ਸ਼ਰਮਾ ਅਤੇ ਕੇ ਐੱਨ ਰਘੂਨੰਦਨ ਨੇ ਵੀ ਵਿਚਾਰ ਸਾਂਝੇ ਕੀਤੇ।
