ਸਰਕਾਰ ਦਾ ਮਕਸਦ ਤਿੰਨੋਂ ਸੈਨਾਵਾਂ ਦੇ ਏਕੀਕਰਨ ਨੂੰ ਹੁਲਾਰਾ ਦੇਣਾ: ਰਾਜਨਾਥ
ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਸਮਾਗਮ ’ਚ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਹਵਾਈ ਸੈਨਾ ਦੀ ਏਕੀਕ੍ਰਿਤ ਹਵਾਈ ਕਮਾਨ ਤੇ ਕੰਟਰੋਲ ਪ੍ਰਣਾਲੀ ਨੇ ਥਲ ਸੈਨਾ ਦੀ ਆਕਾਸ਼ਤੀਰ ਹਵਾਈ ਰੱਖਿਆ ਪ੍ਰਣਾਲੀ ਤੇ ਭਾਰਤੀ ਜਲ ਸੈਨਾ ਦੀ ਤ੍ਰਿਗੁਣ ਨਾਲ ਮਿਲ ਕੇ ਕੰਮ ਕੀਤਾ ਅਤੇ ਇਹ ਭਾਰਤ ਤੇ ਪਾਕਿਸਤਾਨ ਵਿਚਾਲੇ 7 ਤੋਂ 10 ਮਈ ਤੱਕ ਚੱਲੇ ਸੰਘਰਸ਼ ਦੌਰਾਨ ਸਾਂਝੀ ਮੁਹਿੰਮ ਦੀ ਰੀੜ੍ਹ ਬਣਿਆ। ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਦੇ ਮਹੱਤਵ ਨੂੰ ਉਭਾਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਕਜੁੱਟਤਾ ਦਾ ਰਾਹ ਸੰਵਾਦ, ਆਪਸੀ ਸਮਝ ਤੇ ਰਵਾਇਤਾਂ ਪ੍ਰਤੀ ਸਨਮਾਨ ’ਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸੈਨਾਵਾਂ ਨੂੰ ਇਕ-ਦੂਜੇ ਦੀਆਂ ਚੁਣੌਤੀਆਂ ਦਾ ਸਨਮਾਨ ਕਰਦਿਆਂ ਮਿਲ ਕੇ ਨਵੀਆਂ ਪ੍ਰਣਾਲੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਤਿੰਨੋਂ ਸੈਨਾਵਾਂ ਦੇ ਏਕੀਕਰਨ ਨੂੰ ਹੋਰ ਹੁਲਾਰਾ ਦੇਣਾ ਹੈ ਅਤੇ ਇਹ ਨਾ ਸਿਰਫ਼ ਨੀਤੀਗਤ ਮਾਮਲਾ ਹੈ ਬਲਕਿ ਤੇਜ਼ੀ ਨਾਲ ਬਦਲਦੇ ਸੁਰੱਖਿਆ ਮਾਹੌਲ ’ਚ ਹੋਂਦ ਦਾ ਮਾਮਲਾ ਵੀ ਹੈ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਦੌਰਾਨ ਤਿੰਨੋਂ ਸੈਨਾਵਾਂ ਦੇ ਤਾਲਮੇਲ ਨੇ ਇੱਕ ਏਕੀਕ੍ਰਿਤ ਤਸਵੀਰ ਪੇਸ਼ ਕੀਤੀ। ਇਸ ਨੇ ਕਮਾਂਡਰਾਂ ਨੂੰ ਸਮੇਂ ’ਤੇ ਫ਼ੈਸਲੇ ਲੈਣ, ਹਾਲਾਤ ਬਾਰੇ ਜਾਗਰੂਕਤਾ ਵਧਾਉਣ ਅਤੇ ਆਪਣੇ ਨੁਕਸਾਨ ਦੇ ਜੋਖਮ ਨੂੰ ਘਟਾਉਣ ਦੇ ਸਮਰੱਥ ਬਣਾਇਆ। ਇਹ ਫ਼ੈਸਲਾਕੁਨ ਨਤੀਜੇ ਦੇਣ ਵਾਲੀ ਇਕਜੁੱਟਤਾ ਦੀ ਸ਼ਾਨਦਾਰ ਮਿਸਾਲ ਹੈ ਅਤੇ ਇਹ ਕਾਮਯਾਬੀ ਭਵਿੱਖ ਦੀਆਂ ਸਾਰੀਆਂ ਮੁਹਿੰਮਾਂ ਲਈ ਇਕ ਪੈਮਾਨਾ ਬਣਨੀ ਚਾਹੀਦੀ ਹੈ।’
ਉਨ੍ਹਾਂ ਕਿਹਾ ਕਿ ਜੰਗ ਦੇ ਬਦਲਦੇ ਸਰੂਪ ਅਤੇ ਰਵਾਇਤੀ ਤੇ ਗ਼ੈਰ ਰਵਾਇਤੀ ਖਤਰਿਆਂ ਕਾਰਨ ਤਿੰਨੇ ਸੈਨਾਵਾਂ ਦੀ ਇਕਜੁੱਟਤਾ ਇੱਕ ਅਹਿਮ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡੀਆਂ ਸੈਨਾਵਾਂ ਆਜ਼ਾਦ ਢੰਗ ਨਾਲ ਜਵਾਬੀ ਕਾਰਵਾਈ ਦੀ ਸਮਰੱਥਾ ਰੱਖਦੀਆਂ ਹਨ ਪਰ ਜ਼ਮੀਨ, ਸਮੁੰਦਰ, ਹਵਾ, ਪੁਲਾੜ ਤੇ ਸਾਈਬਰ ਸਪੇਸ ਦੀ ਆਪਸ ’ਚ ਜੁੜੀ ਪ੍ਰਕਿਰਤੀ ਜੰਗ ’ਚ ਜਿੱਤ ਦੀ ਸੱਚੀ ਗਾਰੰਟੀ ਬਣਾਉਂਦੀ ਹੈ। ਰੱਖਿਆ ਮੰਤਰੀ ਨੇ ਹਾਲ ਹੀ ਵਿੱਚ ਕੋਲਕਾਤਾ ’ਚ ਕਰਵਾਏ ਗਏ ਸਾਂਝੇ ਕਮਾਂਡਰ ਸੰਮੇਲਨ ਨੂੰ ਯਾਦ ਕੀਤਾ ਜਿੱਥੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕੀਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਸੀ।