ਐੱਚ ਏ ਐੱਲ ਤੋਂ 97 ਹੋਰ ਤੇਜਸ ਲੜਾਕੂ ਜਹਾਜ਼ ਖਰੀਦੇਗੀ ਸਰਕਾਰ
ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫ਼ੌਜ ਦੀ ਜੰਗੀ ਸਮਰੱਥਾ ਵਧਾਉਣ ਲਈ ਅੱਜ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਡ (ਐੱਚ ਏ ਐੱਲ) ਨਾਲ 97 ਤੇਜਸ ਮਾਰਕ-1ਏ ਦੀ ਖਰੀਦ ਲਈ 62,370 ਕਰੋੜ ਦਾ ਸਮਝੌਤਾ ਸਹੀਬੰਦ ਕੀਤਾ ਹੈ। ਟੈਕਸਾਂ ਸਮੇਤ ਇਸ ਸੌਦੇ ਦੀ ਕੁੱਲ ਲਾਗਤ 66,550 ਕਰੋੜ ਹੋਵੇਗੀ। 97 ਜੈੱਟਾਂ ਦਾ ਇਹ ਸੌਦਾ ਪਹਿਲਾਂ ਹੀ ਆਰਡਰ ਕੀਤੇ ਗਏ 83 ਜੈੱਟਾਂ ਤੋਂ ਵੱਖਰਾ ਹੈ, ਜਿਸ ਨਾਲ ਤੇਜਸ ਮਾਰਕ 1ਏ ਜੈੱਟਾਂ ਦਾ ਕੁੱਲ ਆਰਡਰ 180 ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤੇਜਸ ਪ੍ਰੋਗਰਾਮ ਭਾਰਤੀ ਹਵਾਈ ਫ਼ੌਜ ਨੂੰ ਉਸ ਦੇ ਮਿੱਗ-21 ਜਹਾਜ਼ਾਂ ਦੇ ਬੇੜੇ ਨੂੰ ਬਦਲਣ ਵਿੱਚ ਮਦਦ ਕਰਨ ਲਈ ਹੈ, ਜਿਨ੍ਹਾਂ ਨੂੰ ਭਲਕੇ ਚੰਡੀਗੜ੍ਹ ’ਚ ਇੱਕ ਸਮਾਗਮ ਦੌਰਾਨ ਵਿਦਾਇਗੀ ਦਿੱਤੀ ਜਾ ਰਹੀ ਹੈ।
ਅੱਜ ਦਾ ਇਹ ਕਦਮ ਦਰਸਾਉਂਦਾ ਹੈ ਕਿ ਰੱਖਿਆ ਮੰਤਰਾਲੇ ਨੇ ਜਨਤਕ ਖੇਤਰ ਦੀ ਕੰਪਨੀ ਐੱਚ ਏ ਐੱਲ ’ਤੇ ਭਰੋਸਾ ਜਤਾਇਆ ਹੈ। ਕੰਪਨੀ ਹਾਲਾਂਕਿ ਜਨਵਰੀ 2021 ਵਿੱਚ ਸਹੀਬੰਦ ਕੀਤੇ ਗਏ ਪਿਛਲੇ ਸਮਝੌਤੇ ਤਹਿਤ ਉਸੇ ਕਿਸਮ ਦੇ ਜੈੱਟਾਂ ਦੀ ਸਪਲਾਈ ਕਰਨ ’ਚ 18 ਮਹੀਨੇ ਪੱਛੜੀ ਹੋਈ ਹੈ। ਅੱਜ ਸਹੀਬੰਦ ਹੋਇਆ ਸਮਝੌਤਾ ਭਾਰਤੀ ਹਵਾਈ ਫ਼ੌਜ ਲਈ 68 ਲੜਾਕੂ ਜੈੱਟਾਂ ਅਤੇ ਸਿਖਲਾਈ ਲਈ ਵਰਤੇ ਜਾਣ ਵਾਲੇ 29 ਦੋ-ਸੀਟਰ ਜੈੱਟਾਂ ਦੇ ਨਾਲ-ਨਾਲ ਹੋਰ ਸਬੰਧਤ ਸਾਜ਼ੋ-ਸਾਮਾਨ ਲਈ ਹੈ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ 2027-28 ਤੋਂ ਸ਼ੁਰੂ ਹੋਵੇਗੀ ਅਤੇ ਛੇ ਸਾਲਾਂ ਵਿੱਚ ਪੂਰੀ ਹੋ ਜਾਵੇਗੀ। ਸਰਕਾਰ ਨੇ ਸਵੈ-ਨਿਰਭਰਤਾ ਨੂੰ ਹੁਲਾਰਾ ਦਿੱਤਾ ਹੈ, ਇਸ ਲਈ ਇਨ੍ਹਾਂ ਜਹਾਜ਼ਾਂ ਵਿੱਚ ਲਗਪਗ 64 ਫੀਸਦ ਸਮੱਗਰੀ ਸਵਦੇਸ਼ੀ ਹੋਵੇਗੀ ਤੇ ਇਨ੍ਹਾਂ ਵਿੱਚ ਜਨਵਰੀ 2021 ਵਿੱਚ ਸਹੀਬੰਦ ਕੀਤੇ ਗਏ 83 ਜੈੱਟਾਂ ਦੇ ਪਿਛਲੇ ਸਮਝੌਤੇ ਮੁਕਾਬਲੇ 67 ਵਾਧੂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ 97 ਜੈੱਟ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤੇ ਤੇ ਨਿਰਮਿਤ ਤੇਜਸ ਜਹਾਜ਼ਾਂ ਦਾ ਸਭ ਤੋਂ ਉੱਨਤ ਰੂਪ ਹੋਣਗੇ।
ਰੱਖਿਆ ਮੰਤਰਾਲੇ ਵੱਲੋਂ ਸਮਝੌਤੇ ਵਿੱਚ ਦੱਸੀ ਗਈ ਡਿਲਿਵਰੀ ਦੀ ਸਮਾਂ-ਸੀਮਾ ਬਹੁਤ ਮਹੱਤਵਪੂਰਨ ਹੈ। ਐੱਚ ਏ ਐੱਲ ਨੂੰ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀ ਈ) ਤੋਂ ਤੇਜਸ ਮਾਰਕ-1ਏ ਲਈ ਐੱਫ-404 ਇੰਜਣਾਂ ਦੀ ਸਪਲਾਈ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਚ ਏ ਐੱਲ ਕੋਲ ਲਗਭਗ ਇੱਕ ਦਰਜਨ ਜੈੱਟ ਤਿਆਰ ਹਨ, ਪਰ ਹੁਣ ਤੱਕ ਜੀ ਈ ਵੱਲੋਂ ਸਿਰਫ ਤਿੰਨ ਇੰਜਣਾਂ ਦੀ ਸਪਲਾਈ ਕੀਤੀ ਗਈ ਹੈ। ਨਤੀਜੇ ਵਜੋਂ ਹਵਾਈ ਫ਼ੌਜ ਨੂੰ ਇੱਕ ਵੀ ਜੈੱਟ ਨਹੀਂ ਮਿਲਿਆ ਹੈ, ਜੋ ਕਿ ਘਟਦੀ ਲੜਾਕੂ ਤਾਕਤ ਨਾਲ ਜੂਝ ਰਹੀ ਹੈ। ਡਿਲਿਵਰੀ ਮਾਰਚ 2024 ਵਿੱਚ ਸ਼ੁਰੂ ਹੋ ਜਾਣੀ ਚਾਹੀਦੀ ਸੀ ਅਤੇ ਇਸ ਤੋਂ ਕੁਝ ਮਹੀਨੇ ਪਹਿਲਾਂ ਇੰਜਣਾਂ ਦਾ ਆਉਣਾ ਸ਼ੁਰੂ ਹੋ ਜਾਣਾ ਚਾਹੀਦਾ ਸੀ।