ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੋਨੇ ਦੀ ਸਰਕਾਰੀ ਖ਼ਰੀਦ: ਪਹਿਲੇ ਦਿਨ ਦੋ ਮੰਡੀਆਂ ’ਚ ਪੁੱਜੀ ਫ਼ਸਲ

ਲਾਲਡ਼ੂ ਤੇ ਸੁਲਤਾਨਪੁਰ ਲੋਧੀ ਦੇ ਖਰੀਦ ਕੇਂਦਰਾਂ ’ਚ ਫ਼ਸਲ ਦੀ ਆਮਦ
ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਸਿਰਫ਼ ਦੋ ਖ਼ਰੀਦ ਕੇਂਦਰਾਂ ’ਚ ਹੀ ਝੋਨੇ ਦੀ ਫ਼ਸਲ ਪੁੱਜੀ ਹੈ। ਐਤਕੀਂ ਸਰਕਾਰੀ ਖ਼ਰੀਦ ਪੰਦਰਾਂ ਦਿਨ ਅਗੇਤੀ ਸ਼ੁਰੂ ਹੋਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿੱਚ ਅੱਜ ਪਹਿਲੇ ਦਿਨ ਝੋਨੇ ਦੀ ਫ਼ਸਲ ਨਹੀਂ ਆਈ। ਵੇਰਵਿਆਂ ਅਨੁਸਾਰ ਪਹਿਲੇ ਦਿਨ ਲਾਲੜੂ ਮੰਡੀ ਅਤੇ ਸੁਲਤਾਨਪੁਰ ਲੋਧੀ ਦੇ ਖ਼ਰੀਦ ਕੇਂਦਰ ’ਚ ਝੋਨੇ ਦੀ ਫ਼ਸਲ ਦੀ ਆਮਦ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ’ਚ 1822 ਖ਼ਰੀਦ ਕੇਂਦਰ ਬਣਾਏ ਗਏ ਹਨ।

ਪੰਜਾਬ ’ਚ ਬਾਸਮਤੀ ਦੀ ਪ੍ਰਾਈਵੇਟ ਖ਼ਰੀਦ ਕੁੱਝ ਦਿਨਾਂ ਤੋਂ ਅੱਠ ਜ਼ਿਲ੍ਹਿਆਂ ’ਚ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਲਗਾਤਾਰ ਮੀਂਹ ਪੈਣ ਦਾ ਅਸਰ ਝੋਨੇ ਦੀ ਫ਼ਸਲ ’ਤੇ ਵੀ ਪਵੇਗਾ ਅਤੇ ਮੰਡੀਆਂ ’ਚ ਫ਼ਸਲ ਦੇ ਲੇਟ ਆਉਣ ਦੀ ਸੰਭਾਵਨਾ ਹੈ। ਸਰਕਾਰੀ ਖ਼ਰੀਦ ਦੇ ਪਹਿਲੇ ਦਿਨ 1820 ਖ਼ਰੀਦ ਕੇਂਦਰ ਸੁੱਕੇ ਰਹੇ। ਇਨ੍ਹਾਂ ਖ਼ਰੀਦ ਕੇਂਦਰਾਂ ’ਚ ਮੁਲਾਜ਼ਮ ਤਾਂ ਪੁੱਜੇ ਪਰ ਝੋਨੇ ਦੀ ਫ਼ਸਲ ਨਹੀਂ ਪੁੱਜੀ। ਪੰਜਾਬ ਮੰਡੀ ਬੋਰਡ ਵੱਲੋਂ ਦੇਰ ਸ਼ਾਮ ਤੱਕ ਵੇਰਵੇ ਉਡੀਕੇ ਜਾਂਦੇ ਰਹੇ। ਅਖੀਰ ਦੋ ਖ਼ਰੀਦ ਕੇਂਦਰਾਂ ’ਚ ਹੀ ਝੋਨੇ ਦੀ ਫ਼ਸਲ ਪੁੱਜਣ ਦੀ ਪੁਸ਼ਟੀ ਹੋਈ ਹੈ।

Advertisement

ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੀ ਖ਼ਰੀਦ ਲਈ 45 ਹਜ਼ਾਰ ਕਰੋੜ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਸਤੰਬਰ ਦੇ ਪੰਦਰਾਂ ਦਿਨਾਂ ਲਈ 15 ਹਜ਼ਾਰ ਕਰੋੜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਸ਼ੁਰੂਆਤੀ ਪੜਾਅ ’ਤੇ ਵੱਡੀ ਚੁਣੌਤੀ ਮੰਡੀਆਂ ’ਚ ਆਉਣ ਵਾਲੀ ਫ਼ਸਲ ’ਚ ਨਮੀ ਨੂੰ ਲੈ ਕੇ ਆਵੇਗੀ। ਹੜ੍ਹਾਂ ਤੇ ਮੀਂਹ ਕਾਰਨ ਫ਼ਸਲ ਨੂੰ ਧੁੱਪਾਂ ਨਹੀਂ ਲੱਗੀਆਂ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਕਿਸਾਨਾਂ ਦੀ ਫ਼ਸਲ ’ਤੇ ਕੋਈ ਕੱਟ ਵਗ਼ੈਰਾ ਨਹੀਂ ਲੱਗਣ ਦਿੱਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਖਦੇ ਹਨ ਕਿ ਇਸ ਵਾਰ ਝੋਨੇ ਦੀ ਫ਼ਸਲ ਨੂੰ ਕੇਂਦਰੀ ਨੇਮਾਂ ਤੋਂ ਮੁਕਤ ਰੱਖਿਆ ਜਾਵੇ।

ਫੋਟੋ ਅਪਲੋਡ ਕਰਨ ਦੀ ਨਵੀਂ ਸਮੱਸਿਆ

ਕੇਂਦਰ ਸਰਕਾਰ ਵੱਲੋਂ ਐਤਕੀਂ ਖ਼ਰੀਦ ਮੌਕੇ ਕਿਸਾਨਾਂ ਦੀ ਫ਼ੋਟੋ ਅਪਲੋਡ ਕਰਨ ਲਈ ਜਿਹੜੀ ਐਪ ਜਾਰੀ ਕੀਤੀ ਗਈ ਹੈ, ਉਸ ਤੋਂ ਨਵਾਂ ਪੰਗਾ ਖੜ੍ਹਾ ਹੋਣ ਦੀ ਸੰਭਾਵਨਾ ਹੈ। ਕੁੱਝ ਥਾਵਾਂ ’ਤੇ ਆੜ੍ਹਤੀਏ ਐਪ ਦੇ ਪੰਗੇ ਨੂੰ ਲੈ ਕੇ ਰੋਹ ਵਿੱਚ ਹਨ, ਜਿਸ ਵਜੋਂ ਝੋਨੇ ਦੀ ਸਰਕਾਰੀ ਖ਼ਰੀਦ ਕਰਨ ’ਚ ਮੁੱਢਲੇ ਪੜਾਅ ’ਤੇ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ। ਕੇਂਦਰ ਸਰਕਾਰ ਦੀ ਹਦਾਇਤ ਮਗਰੋਂ ਮੁਲਾਜ਼ਮਾਂ ਨੂੰ ਵੀ ਸਰਕਾਰ ਨੇ ਸਿਖਲਾਈ ਦਿੱਤੀ ਹੈ।

Advertisement
Show comments