ਭੋਜਨ ਸੁਰੱਖਿਆ ਲਈ ਸਰਕਾਰ ਵਚਨਬੱਧ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਰ ਵਿਅਕਤੀ ਲਈ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੀ ਹੈ। ਵਿਸ਼ਵ ਭੋਜਨ ਦਿਵਸ ’ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਖਾਦਿਆ ਸਾਥੀ’ ਯੋਜਨਾ ਤਹਿਤ ਲਗਪਗ 9 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਿਅਕਤੀ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਤਹਿਤ 2011 ਤੋਂ ਬਾਅਦ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰ ਪਰਿਵਾਰਾਂ ਸਣੇ 54 ਲੱਖ ਲੋਕਾਂ ਨੂੰ ਭੋਜਨ ਦੇ ਵਿਸ਼ੇਸ਼ ਪੈਕੇਜ ਦਿੱਤੇ ਗਏ ਹਨ। ਦੁਰਗਾ ਪੂਜਾ, ਕਾਲੀ ਪੂਜਾ, ਛੱਠ ਪੂਜਾ ਤੇ ਰਮਜ਼ਾਨ ਵਰਗੇ ਤਿਉਹਾਰਾਂ ਦੌਰਾਨ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਜ਼ਰੂਰੀ ਵਸਤੂਆਂ ਸਬਸਿਡੀ ਵਾਲੀਆਂ ਕੀਮਤਾਂ ’ਤੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ‘ਮਾਂ’ ਤਹਿਤ ਗਰੀਬ ਲੋਕਾਂ ਨੂੰ ਸਿਰਫ਼ ਪੰਜ ਰੁਪਏ ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 356 ‘ਮਾਂ ਕੰਟੀਨਾਂ’ ਰਾਹੀਂ 8.58 ਕਰੋੜ ਗਰੀਬ ਲੋਕਾਂ ਨੂੰ ਲਾਭ ਪ੍ਰਾਪਤ ਹੋਇਆ ਹੈ। ਇਸ ਵਰ੍ਹੇ ‘ਖਾਦਿਆ ਸਾਥੀ’ ਪ੍ਰਾਜੈਕਟ ਰਾਹੀਂ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੇ 16.50 ਲੱਖ ਕਿਸਾਨਾਂ ਤੋਂ 56.33 ਲੱਖ ਟਨ ਝੋਨਾ ਖਰੀਦਿਆ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦਾ ਸਹੀ ਮੁੱਲ ਮਿਲਿਆ ਹੈ। -ਪੀਟੀਆਈ