Rail Accident: ਤਾਮਿਲਨਾਡੂ ’ਚ ਮਾਲ ਗੱਡੀ ਲੀਹੋਂ ਲੱਥੀ; 18 ਬੋਗੀਆਂ ਸੜ ਕੇ ਸੁਆਹ
Freight train ferrying oil catches fire in TN
ਚੇਨੱਈ /ਤਿਰੂਵਲੂਰ, 13 ਜੁਲਾਈ
ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ ਕਰਨਾਟਕ ਜਾ ਰਹੀ ਮਾਲ ਗੱਡੀ ਲੀਹੋਂ ਲੱਥ ਗਈ ਤੇ ਇਸ ਵਿਚ ਅੱਗ ਲਗ ਗਈ। ਇਸ ਮਾਲ ਗੱਡੀ ਦੀਆਂ 52 ਬੋਗੀਆਂ ਵਿਚ ਡੀਜ਼ਲ ਲਿਜਾਇਆ ਜਾ ਰਿਹਾ ਸੀ ਜਿਸ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ 40 ਬੋਗੀਆਂ ਨੂੰ ਬਾਕੀ ਬੋਗੀਆਂ ਨਾਲੋਂ ਵੱਖ ਕੀਤਾ ਗਿਆ। ਇਹ ਜਾਣਕਾਰੀ ਮਿਲੀ ਹੈ ਕਿ 18 ਦੇ ਕਰੀਬ ਬੋਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਬਾਅਦ ਪੁਲੀਸ ਤੇ ਰੇਲਵੇ ਪੁਲੀਸ ਨੇ ਨੇੜੇ ਤੇੜੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਇਹ ਘਟਨਾ ਅੱਜ ਸਵੇਰ ਵਾਪਰੀ ਦੱਸੀ ਜਾ ਰਹੀ ਹੈ। ਇਸ ਦੌਰਾਨ ਹਾਦਸੇ ਵਾਲੀ ਥਾਂ ਨੇੜੇ ਪਟੜੀ ’ਤੇ ਵੱਡੀ ਵਿੱਥ ਮਿਲੀ ਹੈ ਜਿਸ ਦੀ ਰੇਲਵੇ ਤੇ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਰੇਲਵੇ ਅਧਿਕਾਰੀ ਨੇ ਕਿਹਾ ਕਿ ਅੱਗ ਇਕ ਬੋਗੀ ਨੂੰ ਲੱਗੀ, ਜੋ ਜਲਦੀ ਹੀ ਹੋਰਨਾਂ ਵੈਗਨਾਂ ਵਿਚ ਫੈਲ ਗਈ। ਰੇਲਵੇ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਸਥਿਤੀ ਨੂੰ ਸਰਗਰਮੀ ਨਾਲ ਸੰਭਾਲ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਰੇਲਵੇ ਟਰੈਕ ’ਤੇ ਆਮ ਰੇਲਗੱਡੀਆਂ ਦੀ ਆਵਾਜਾਈ ਜਲਦੀ ਸ਼ੁਰੂ ਹੋ ਜਾਵੇਗੀ। -ਪੀਟੀਆਈ