'ਗੋਲਡਨ ਡੋਮ' ਹਵਾਈ ਰੱਖਿਆ ਪ੍ਰਣਾਲੀ ਭਾਰਤ ਦੀ ਢਾਲ ਅਤੇ ਤਲਵਾਰ ਬਣੇਗੀ: ਸੀਡੀਐਸ ਜਨਰਲ ਚੌਹਾਨ
ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਸ਼ਕਤੀਸ਼ਾਲੀ ਨਵੀਂ ਹਵਾਈ ਰੱਖਿਆ ਪ੍ਰਣਾਲੀ ਤਿਆਰ ਕਰ ਰਿਹਾ ਹੈ ਜੋ ਦੁਸ਼ਮਣ ਦੇ ਖਤਰਿਆਂ ਦੇ ਵਿਰੁੱਧ ਇੱਕ ਵਿਆਪਕ 'ਢਾਲ' ਬਣਾਉਣ ਲਈ ਕਈ ਹਿੱਸਿਆਂ - ਜਿਸ ਵਿੱਚ ਮਿਜ਼ਾਈਲਾਂ ਅਤੇ ਰਾਡਾਰ ਸ਼ਾਮਲ ਹਨ - ਨੂੰ ਜੋੜੇਗੀ।
ਸੀਡੀਐਸ ਨੇ ਕਿਹਾ, ‘‘ਇਹ 'ਇੱਕ ਢਾਲ ਅਤੇ ਇੱਕ ਤਲਵਾਰ' ਦੋਵਾਂ ਵਜੋਂ ਕੰਮ ਕਰੇਗੀ ਅਤੇ ਸਵਦੇਸ਼ੀ ਹੋਵੇਗੀ... ਇਸ ਨੂੰ ਦਸ ਸਾਲਾਂ ਵਿੱਚ ਤਿਆਰ ਕਰਨ ਦਾ ਟੀਚਾ ਹੈ।’’ ਉਨ੍ਹਾਂ ਨੇ ਇਸ ਨੂੰ 'ਗੋਲਡਨ ਡੋਮ' ਕਿਹਾ।
ਜਨਰਲ ਚੌਹਾਨ ਇੱਥੇ ਆਰਮੀ ਵਾਰ ਕਾਲਜ ਵੱਲੋਂ ਕਰਵਾਏ ਦੋ-ਦਿਨਾਂ (26-27 ਅਗਸਤ) ਵਿਚਾਰ-ਵਟਾਂਦਰਾ ਸੈਮੀਨਾਰ 'ਰਣ ਸੰਵਾਦ' (ਜੰਗ ਬਾਰੇ ਗੱਲਬਾਤ) ਵਿੱਚ ਮੁੱਖ ਭਾਸ਼ਣ ਦੇ ਰਹੇ ਸਨ, ਜਿਸਦਾ ਵਿਸ਼ਾ 'ਜੰਗ 'ਤੇ ਤਕਨਾਲੋਜੀ ਦਾ ਪ੍ਰਭਾਵ' ਸੀ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਨਵੀਂ ਹਵਾਈ ਰੱਖਿਆ ਪ੍ਰਣਾਲੀ ਵਿੱਚ ਸੰਭਾਵਤ ਤੌਰ ’ਤੇ ਸੈਟੇਲਾਈਟ ਵਰਗੀਆਂ ਸੰਪਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ 60-80 ਕਿਲੋਮੀਟਰ ਦੇ ਵਿਚਕਾਰ ਉਚਾਈਆਂ ਦੀ ਨਿਗਰਾਨੀ ਕਰਨ ਦੇ ਸਮਰੱਥ ਰਾਡਾਰ ਵੀ ਸ਼ਾਮਲ ਹੋਣਗੇ, ਕਿਉਂਕਿ ਜ਼ਿਆਦਾਤਰ ਆਧੁਨਿਕ ਮਿਜ਼ਾਈਲਾਂ ਕੁਝ ਉਚਾਈ ਤੇ ਜਾ ਕੇ ਫਿਰ ਨਿਸ਼ਾਨੇ 'ਤੇ ਲੱਗਣ ਲਈ ਹੇਠਾਂ ਵੱਲ ਜਾਂਦੀਆਂ ਹਨ।
ਹਥਿਆਰਬੰਦ ਬਲ ਜ਼ਮੀਨ, ਹਵਾ, ਸਮੁੰਦਰੀ, ਸਮੁੰਦਰ ਦੇ ਹੇਠਾਂ ਅਤੇ ਪੁਲਾੜ ਖੇਤਰਾਂ ਵਿੱਚ ਪ੍ਰਣਾਲੀਆਂ ਨੂੰ ਜੋੜਨ ਦੀ ਵੀ ਯੋਜਨਾ ਬਣਾ ਰਹੇ ਹਨ ਅਤੇ ਕਮਾਂਡਰਾਂ ਨੂੰ ਇੱਕ ਸਾਂਝੀ ਕਾਰਜਸ਼ੀਲ ਤਸਵੀਰ ਪ੍ਰਦਾਨ ਕਰਨ ਲਈ ਡੇਟਾ ਨੂੰ ਨੈਟਵਰਕ ਕੀਤਾ ਜਾਵੇਗਾ। ਵਿਸ਼ਲੇਸ਼ਣ ਲਈ ਮਸਨੂਈ ਬੁੱਧੀ (AI), ਉੱਨਤ ਗਣਨਾ, ਡਾਟਾ ਵਿਸ਼ਲੇਸ਼ਣ ਅਤੇ ਕੁਆਂਟਮ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਆਉਣ ਵਾਲੀ ਹਵਾਈ ਰੱਖਿਆ ਪ੍ਰਣਾਲੀ ਨੂੰ 'ਸੁਦਰਸ਼ਨ ਚੱਕਰ' ਕਿਹਾ ਸੀ। ਸੀਡੀਐਸ ਨੇ ਹੁਣ ਇਸ ਭਵਿੱਖੀ ਪ੍ਰਣਾਲੀ ਦੇ ਫੌਜੀ ਰੂਪਾਂ ਨੂੰ ਪ੍ਰਦਾਨ ਕੀਤਾ ਹੈ। ਇਸ ਦੌਰਾਨ ਜਨਰਲ ਚੌਹਾਨ ਨੇ ਕਿਹਾ, "ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ। ਪਰ ਅਸੀਂ ਸ਼ਾਂਤੀਵਾਦੀ ਨਹੀਂ ਹੋ ਸਕਦੇ। ਤਾਕਤ ਤੋਂ ਬਿਨਾਂ ਸ਼ਾਂਤੀ ਯੂਟੋਪੀਅਨ ਹੈ।"
ਉਨ੍ਹਾਂ ਨੇ 'ਅਪਰੇਸ਼ਨ ਸਿੰਧੂਰ' ਬਾਰੇ ਬੋਲਦਿਆਂ ਇਸ ਨੂੰ "ਆਧੁਨਿਕ ਟਕਰਾਅ" ਕਿਹਾ ਅਤੇ ਕਿਹਾ, ‘‘ਅਸੀਂ ਕਈ ਸਬਕ ਸਿੱਖੇ, ਜਿਨ੍ਹਾਂ ਵਿੱਚੋਂ ਕੁਝ ਲਾਗੂ ਕੀਤੇ ਜਾ ਰਹੇ ਹਨ।’’