ਗੋਆ ਵਿੱਚ ਗੈਰਕਾਨੂੰਨੀ ਨਾਈਟ ਕਲੱਬ ਢਾਹਿਆ
ਇਥੋਂ ਦੇ ਇਕ ਨਾਈਟ ਕਲੱਬ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ। ਗੋਆ ਦੇ ਵੈਗਟਰ ਬੀਚ ’ਤੇ ਰੋਮੀਓ ਲੇਨ ਨਾਈਟ ਕਲੱਬ ਨੂੰ ਅੱਜ ਢਾਹ ਦਿੱਤਾ ਗਿਆ। ਇਹ ਕਾਰਵਾਈ ਗੋਆ ਸੈਰ-ਸਪਾਟਾ ਵਿਭਾਗ ਨੇ ਕੀਤੀ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੌਰਭ ਤੇ ਗੌਰਵ ਲੂਥਰਾ ਨੇ ਸੈਰ-ਸਪਾਟਾ ਵਿਭਾਗ ਦੀ ਜ਼ਮੀਨ ’ਤੇ ਕਲੱਬ ਬਣਾਇਆ ਸੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅਧਿਕਾਰੀਆਂ ਨੂੰ ਕਲੱਬ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਇਸ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਹਨ ਤੇ ਇਸ ਕਲੱਬ ਵਿਚ ਹੋਰਾਂ ਦੀ ਵੀ ਹਿੱਸਾ ਪੱਤੀ ਹੈ।
ਪੁਲੀਸ ਨੇ ਇਸ ਕਲੱਬ ਦੇ ਦੋ ਹੋਰ ਮਾਲਕਾਂ ਅਜੈ ਗੁਪਤਾ ਅਤੇ ਸੁਰਿੰਦਰ ਕੁਮਾਰ ਖੋਸਲਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਦਿਆਂ ਉਨ੍ਹਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਕਲੱਬ ਦੇ ਮਾਲਕ ਗੌਰਵ ਅਤੇ ਸੌਰਭ ਲੂਥਰਾ ਨੇ ਐਤਵਾਰ ਨੂੰ ਥਾਈਲੈਂਡ ਦੇ ਫੁਕੇਟ ਦੀ ਉਡਾਣ ਭਰੀ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਗੋਆ ਪੁਲੀਸ ਇੰਟਰਪੋਲ ਨਾਲ ਤਾਲਮੇਲ ਕਰ ਰਹੀ ਹੈ। ਅੱਗ ਦੀ ਘਟਨਾ ਤੋਂ ਬਾਅਦ 'ਰੋਮੀਓ ਲੇਨ ਨਾਈਟ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਦੇ ਥਾਈਲੈਂਡ ਭੱਜਣ ਤੋਂ ਕੁਝ ਘੰਟਿਆਂ ਬਾਅਦ ਹੀ ਗੁਪਤਾ ਅਤੇ ਖੋਸਲਾ ਵਿਰੁੱਧ LOC ਜਾਰੀ ਕੀਤਾ ਗਿਆ ਸੀ।
ਉੱਤਰੀ ਗੋਆ ਦੇ ਅੰਜੁਨਾ ਪੁਲੀਸ ਸਟੇਸ਼ਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਪੁਲੀਸ ਵਰਸ਼ਾ ਸ਼ਰਮਾ ਨੇ ਕਿਹਾ ਕਿ ਨਾਈਟ ਕਲੱਬ ਦੇ ਦੋਵੇਂ ਮਾਲਕ ਗੁਪਤਾ ਅਤੇ ਖੋਸਲਾ ਵਿਰੁੱਧ LOC ਜਾਰੀ ਕੀਤਾ ਗਿਆ ਹੈ। ਖੋਸਲਾ ਇੱਕ ਬ੍ਰਿਟਿਸ਼ ਨਾਗਰਿਕ ਹੈ। ਗੋਆ ਪੁਲੀਸ ਫੁਕੇਟ ਭੱਜ ਗਏ ਸੌਰਭ ਅਤੇ ਗੌਰਵ ਲੂਥਰਾ ਨੂੰ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲੈ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਗੋਆ ਸਰਕਾਰ ਦੇ ਦੋ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਪੁਲੀਸ ਨੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਨਾਈਟ ਕਲੱਬ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਮੋਡਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ, ਗੇਟ ਮੈਨੇਜਰ ਰਿਆਂਸ਼ੂ ਠਾਕੁਰ ਅਤੇ ਭਰਤ ਕੋਹਲੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਕਲੱਬ ਦੇ ਮਾਲਕ ਨੇ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਤੇ ਤਾਲਮੇਲ ਦਾ ਭਰੋਸਾ ਦਿੱਤਾ ਸੀ। ਗੋਆ ਪੁਲੀਸ ਨੇ ਸੌਰਭ ਅਤੇ ਗੌਰਵ ਲੂਥਰਾ ਦੇ ਦੇਸ਼ ਤੋਂ ਫਰਾਰ ਹੋਣ ਤੋਂ ਬਾਅਦ ਉਨ੍ਹਾਂ ਵਿਰੁੱਧ ਇੰਟਰਪੋਲ ਬਲੂ ਨੋਟਿਸ ਜਾਰੀ ਕਰਨ ਲਈ ਸੀਬੀਆਈ ਨਾਲ ਸੰਪਰਕ ਕੀਤਾ ਹੈ। ਇੰਟਰਪੋਲ ਬਲੂ ਨੋਟਿਸ ਕਿਸੇ ਅਪਰਾਧਿਕ ਜਾਂਚ ਦੇ ਸਬੰਧ ਵਿੱਚ ਕਿਸੇ ਵਿਅਕਤੀ ਦੀ ਪਛਾਣ, ਟਿਕਾਣੇ ਜਾਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਾਰੀ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਮੁੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਗੋਆ ਦੇ ਨਾਈਟ ਕਲੱਬ ਵਿਚ ਲੱਗੀ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ’ ਚਲਾਏ ਗਏ ਸਨ ਜਿਸ ਕਰਕੇ ਅੱਗ ਲੱਗੀ ਤੇ 25 ਵਿਅਕਤੀਆਂ ਦੀ ਮੌਤ ਹੋ ਗਈ। ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਉੱਤਰੀ ਗੋਆ ਸਥਿਤ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗ ਗਈ ਸੀ। ਮੁੱਢਲੀ ਜਾਂਚ ਵਿਚ ਸਰਕਾਰੀ ਅਧਿਕਾਰੀਆਂ ਦੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਸਾਹਮਣੇ ਆਈ ਸੀ।
