ਗੋਆ ਨਾਈਟ ਕਲੱਬ ਫਾਇਰ: ਲੂਥਰਾ ਭਰਾ ਥਾਈਲੈਂਡ ਵਿਚ ਕਾਬੂ, ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ
ਥਾਈਲੈਂਡ ਪੁਲੀਸ ਨੇ ਸੌਰਭ ਲੂਥਰਾ ਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਫੁਕੇਟ ਵਿਚ ਹਿਰਾਸਤ ’ਚ ਲੈ ਲਿਆ ਹੈ। ਲੂਥਰਾ ਭਰਾ ਗੋਆ ਦੇ ਇਕ ਨਾਈਟ ਕਲੱਬ ਵਿਚ ਲੱਗੀ ਅੱਗ, ਜਿਸ ਵਿਚ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੇ ਮਾਮਲੇ ਵਿਚ ਗੋਆ ਪੁਲੀਸ ਨੂੰ ਲੋੜੀਂਦੇ ਹਨ। ਦੋਵੇਂ ਭਰਾ ਸ਼ਨਿੱਚਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੇ ਕੁਝ ਘੰਟਿਆਂ ਮਗਰੋਂ ਥਾਈਲੈਂਡ ਭੱਜ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਨਾਈਟ ਕਲੱਬ ਦੇ ਸਹਿ-ਮਾਲਕਾਂ, ਜਿਨ੍ਹਾਂ ਵਿਰੁੱਧ ਇੰਟਰਪੋਲ ਵੱਲੋਂ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਨੂੰ ਭਾਰਤ ਸਰਕਾਰ ਦੀ ਬੇਨਤੀ ’ਤੇ ਹਿਰਾਸਤ ਵਿੱਚ ਲਿਆ ਗਿਆ ਹੈ।
ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਕੋਲ ਪੁਸ਼ਟੀ ਕੀਤੀ ਕਿ ਲੂਥਰਾ ਭਰਾਵਾਂ ਨੂੰ ਥਾਈਲੈਂਡ ਦੇ ਫੁਕੇਟ ਵਿਚ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਸ਼ੁੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਉੱਤਰੀ ਗੋਆ ਦੇ ਨਾਈਟ ਕਲੱਬਾਂ, ਹੋਟਲਾਂ, ਗੈਸਟ ਹਾਊਸਾਂ ਤੇ ਰਿਜ਼ੌਰਟਾਂ ਵਿਚ ਆਤਿਸ਼ਬਾਜ਼ੀ ’ਤੇ ਰੋਕ
ਅਧਿਕਾਰੀਆਂ ਮੁਤਾਬਕ ਦੋਵਾਂ ਨੇ ਉੱਤਰੀ ਗੋਆ ਦੇ ਅਰਪੋਰਾ ਵਿਚ ਆਪਣੇ ਨਾਈਟ ਕਲੱਬ 'ਬਿਰਚ ਬਾਏ ਰੋਮੀਓ ਲੇਨ' ਵਿੱਚ ਭਿਆਨਕ ਅੱਗ ਲੱਗਣ ਬਾਰੇ ਪਤਾ ਲੱਗਣ ਦੇ ਇੱਕ ਘੰਟੇ ਦੇ ਅੰਦਰ 7 ਦਸੰਬਰ ਨੂੰ ਸਵੇਰੇ 1.17 ਵਜੇ ਇੱਕ ਯਾਤਰਾ ਪੋਰਟਲ ਰਾਹੀਂ ਫੁਕੇਟ ਲਈ ਟਿਕਟਾਂ ਬੁੱਕ ਕੀਤੀਆਂ ਸਨ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਅੱਗ ਬੁਝਾਉਣ ਅਤੇ ਸਟਾਫ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਦੋਵੇਂ ਐਤਵਾਰ ਤੜਕੇ ਇੰਡੀਗੋ ਦੀ ਇੱਕ ਉਡਾਣ ਰਾਹੀਂ ਭਾਰਤ ਛੱਡ ਗਏ। ਗੋਆ ਪੁਲੀਸ ਨੇ ਉਨ੍ਹਾਂ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨਾਲ ਸੰਪਰਕ ਕੀਤਾ ਸੀ।
