Goa nightclub fire ‘ਬਿਜਲਈ ਪਟਾਕਿਆਂ’ ਕਰਕੇ ਨਾਈਟ ਕਲੱਬ ਵਿਚ ਅੱਗ ਲੱਗੀ: ਮੁੱਖ ਮੰਤਰੀ ਸਾਵੰਤ
ਮੁੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਹੈ ਕਿ ਗੋਆ ਦੇ ਨਾਈਟਕਲੱਬ ਵਿਚ ਲੱਗੀ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ’ ਚਲਾਏ ਗਏ ਸਨ ਜਿਸ ਕਰਕੇ ਅੱਗ ਲੱਗੀ ਤੇ 25 ਵਿਅਕਤੀਆਂ ਦੀ ਮੌਤ ਹੋ ਗਈ। ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ੍ਯ ਉੱਤਰੀ ਗੋਆ ਸਥਿਤ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗ ਗਈ ਸੀ। ਮੁੱਢਲੀ ਜਾਂਚ ਵਿਚ ਸਰਕਾਰੀ ਅਧਿਕਾਰੀਆਂ ਦੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਸਾਹਮਣੇ ਆਈ ਸੀ।
ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪਣਜੀ ਤੋਂ 25 ਕਿਲੋਮੀਟਰ ਦੂਰ ਸਥਿਤ ਅਰਪੋਰਾ ਵਿੱਚ 'ਬਿਰਚ ਬਾਏ ਰੋਮੀਓ ਲੇਨ' ਨਾਈਟ ਕਲੱਬ ਵਿੱਚ ਅੱਗ ਲੱਗਣ ਦੀ ਸੰਭਾਵੀ ਵਜ੍ਹਾ ਆਤਿਸ਼ਬਾਜ਼ੀ ਸੀ। ਉਨ੍ਹਾਂ ਕਿਹਾ ਕਿ ਕਲੱਬ ਕੋਲ ਕਥਿਤ ਫਾਇਰ ਵਿਭਾਗ ਦਾ ਐੱਨਓਸੀ ਵੀ ਨਹੀਂ ਸੀ। ਇਸ ਘਟਨਾ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਛੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਪੰਜ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਵਿੱਚ ਨਾਈਟ ਕਲੱਬ ਦੇ 20 ਕਰਮਚਾਰੀ ਅਤੇ ਪੰਜ ਸੈਲਾਨੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਚਾਰ ਦਿੱਲੀ ਦੇ ਸਨ।
ਮੁੱਖ ਮੰਤਰੀ ਸਾਵੰਤ ਨੇ ਐਤਵਾਰ ਨੂੰ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਾਈਟ ਕਲੱਬ ਨੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਸਾਵੰਤ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਅੰਦਰ ‘ਬਿਜਲਈ ਪਟਾਕੇ" ਅੰਦਰ ਚਲਾਏ ਗਏ ਸਨ, ਜਿਸ ਨਾਲ ਸ਼ਨਿੱਚਰਵਾਰ ਰਾਤ 11.45 ਵਜੇ ਅੱਗ ਲੱਗ ਗਈ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਵੀ. ਕੈਂਡਾਵੇਲੋ ਅਤੇ ਡੀ.ਜੀ.ਪੀ. ਆਲੋਕ ਕੁਮਾਰ ਨੂੰ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਕਲੱਬ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ ਹਨ, ਕਿਉਂਕਿ ਪੀੜਤ ਜ਼ਮੀਨੀ ਮੰਜ਼ਿਲ ਅਤੇ ਰਸੋਈ ਵਿੱਚ ਫਸ ਗਏ ਸਨ।
ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਕਲੱਬ ਤੱਕ ਰਸਾਈ ਬੰਦ ਹੋ ਗਈ ਸੀ, ਅਤੇ ਪਾਣੀ ਦੇ ਟੈਂਕਰਾਂ ਨੂੰ ਮੌਕੇ ਤੋਂ ਕਰੀਬ 400 ਮੀਟਰ ਦੂਰ ਖੜ੍ਹਾ ਕਰਨਾ ਪਿਆ। ਫਾਇਰ ਐਂਡ ਐਮਰਜੈਂਸੀ ਸਰਵਸਿਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਸ ਨਾਲ ਅੱਗ ’ਤੇ ਕਾਬੂ ਪਾਉਣਾ ਚੁਣੌਤੀਪੂਰਨ ਕੰਮ ਬਣ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਛੋਟੇ ਦਰਵਾਜ਼ੇ ਅਤੇ ਤੰਗ ਪੁਲ ਕਾਰਨ ਲੋਕਾਂ ਲਈ ਬਚਣਾ ਮੁਸ਼ਕਲ ਹੋ ਗਿਆ।
ਸਾਵੰਤ ਨੇ ਕਿਹਾ ਕਿ ਕਲੱਬ ਦੇ ਮੁੱਖ ਜਨਰਲ ਮੈਨੇਜਰ, ਰਾਜੀਵ ਮੋਡਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ ਅਤੇ ਗੇਟ ਮੈਨੇਜਰ ਰਿਆਂਸ਼ੂ ਠਾਕੁਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਲੱਬ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਅਤੇ ਪ੍ਰੋਗਰਾਮ ਪ੍ਰਬੰਧਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨ ਸੀਨੀਅਰ ਸਰਕਾਰੀ ਅਧਿਕਾਰੀਆਂ - ਸਿੱਧੀ ਤੁਸ਼ਾਰ ਹਾਰਲੰਕਰ, ਜੋ ਉਸ ਸਮੇਂ ਪੰਚਾਇਤ ਦੇ ਡਾਇਰੈਕਟਰ ਸਨ, ਡਾ. ਸ਼ਮੀਲਾ ਮੋਂਟੇਰੀਓ, ਜੋ ਤੱਤਕਾਲੀ ਗੋਆ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰ ਸਕੱਤਰ ਸਨ, ਅਤੇ ਰਘੂਵੀਰ ਬਾਗਕਰ, ਜੋ ਤਤਕਾਲੀ ਪੰਚਾਇਤ ਅਰਪੋਰਾ-ਨਾਗੋਆ ਦੇ ਸਕੱਤਰ ਸਨ - ਨੂੰ 2023 ਵਿੱਚ ਨਾਈਟ ਕਲੱਬ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਦੱਖਣੀ ਗੋਆ ਦੇ ਕੁਲੈਕਟਰ, ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਅਤੇ ਫੋਰੈਂਸਿਕ ਲੈਬਾਰਟਰੀ ਦੇ ਡਾਇਰੈਕਟਰ ਦੀ ਸ਼ਮੂਲੀਅਤ ਵਾਲੀ ਇੱਕ ਜਾਂਚ ਕਮੇਟੀ ਬਣਾਈ ਹੈ, ਜਿਸ ਨੂੰ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਪੰਜ ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਫੰਡਾਂ ਵਿੱਚੋਂ ਦਿੱਤੀ ਜਾਵੇਗੀ।
ਅੱਗ ਲੱਗਣ ਕਰਕੇ ਮਰਨ ਵਾਲੇ 20 ਸਟਾਫ ਮੈਂਬਰ ਮੂਲ ਰੂਪ ਵਿੱਚ ਉਤਰਾਖੰਡ, ਝਾਰਖੰਡ, ਅਸਾਮ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਸਨ। ਰਾਜ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਉਨ੍ਹਾਂ ਵਿੱਚੋਂ ਚਾਰ ਨੇਪਾਲੀ ਨਾਗਰਿਕ ਸਨ। ਸਾਵੰਤ ਨੇ ਕਿਹਾ ਕਿ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਲਿਜਾਣ ਦਾ ਪ੍ਰਬੰਧ ਕੀਤਾ ਜਾਵੇਗਾ।
ਉਧਰ ਗੋਆ ਪੁਲੀਸ ਨੇ ਸ਼ੁਰੂਆਤ ਵਿਚ ਕਿਹਾ ਸੀ ਕਿ ਅੱਗ ਸਿਲੰਡਰ ਫਟਣ ਕਾਰਨ ਲੱਗੀ। ਕੁਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਅੱਗ ਕਲੱਬ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਜਿੱਥੇ ਸੈਲਾਨੀ ਨੱਚ ਰਹੇ ਸਨ।
ਇਸ ਘਟਨਾ ਵਿਚ ਵਾਲ ਵਾਲ ਬਚੀ ਦਿੱਲੀ ਦੀ ਇਕ ਸੈਲਾਨੀ ਰੀਆ ਨੇ ਦਾਅਵਾ ਕੀਤਾ ਕਿ ਜਦੋਂ ਸੈਲਾਨੀ ਨੱਚ ਰਹੇ ਸਨ ਤਾਂ ਚਾਰੇ ਪਾਸੇ ਪਟਾਕੇ ਫਟ ਗਏ, ਜਿਸ ਕਾਰਨ ਅੱਗ ਲੱਗੀ ਹੋ ਸਕਦੀ ਹੈ। ਉਸ ਨੇ ‘ਭਾਜੜ ਵਾਲੇ ਹਾਲਾਤ ਸਨ’। ਹੈਦਰਾਬਾਦ ਦੀ ਇੱਕ ਸੈਲਾਨੀ ਫਾਤਿਮਾ ਸ਼ੇਖ ਨੇ ਦੱਸਿਆ ਕਿ ਘੱਟੋ-ਘੱਟ 100 ਲੋਕ ਡਾਂਸ ਫਲੋਰ ’ਤੇ ਸਨ, ਅਤੇ ਬਚਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਵਿੱਚੋਂ ਕੁਝ ਹੇਠਾਂ ਰਸੋਈ ਵੱਲ ਭੱਜ ਗਏ, ਜਿੱਥੇ ਉਹ ਸਟਾਫ ਨਾਲ ਫਸ ਗਏ। ਉਸ ਨੇ ਕਿਹਾ, ‘‘ਜਦੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਤਾਂ ਅਚਾਨਕ ਭਾਜੜ ਪੈ ਗਈ। ਅਸੀਂ ਕਲੱਬ ਤੋਂ ਬਾਹਰ ਨਿਕਲ ਕੇ ਦੇਖਿਆ ਕਿ ਪੂਰਾ ਢਾਂਚਾ ਅੱਗ ਦੀ ਲਪੇਟ ਵਿੱਚ ਸੀ।’’ ਉਸ ਨੇ ਦਾਅਵਾ ਕੀਤਾ ਕਿ ਵੀਕਐਂਡ ਹੋਣ ਕਰਕੇ ਨਾਈਟ ਕਲੱਬ ਭਰਿਆ ਹੋਇਆ ਸੀ। ਸ਼ੇਖ ਨੇ ਕਿਹਾ, ‘‘ਥੋੜ੍ਹੇ ਹੀ ਸਮੇਂ ਵਿੱਚ, ਪੂਰਾ ਕਲੱਬ ਅੱਗ ਦੀ ਲਪੇਟ ਵਿੱਚ ਆ ਗਿਆ। "ਖਜੂਰ ਦੇ ਪੱਤਿਆਂ ਨਾਲ ਬਣੀ ਇੱਕ ਅਸਥਾਈ ਉਸਾਰੀ ਸੀ ਜਿਸ ਨੂੰ ਆਸਾਨੀ ਨਾਲ ਅੱਗ ਲੱਗ ਗਈ।’’
ਪੁਲੀਸ ਨੇ ਅਰਪੋਰਾ-ਨਾਗੋਆ ਪੰਚਾਇਤ ਦੇ ਸਰਪੰਚ ਰੌਸ਼ਨ ਰੇੜਕਰ ਤੋਂ ਪੁੱਛਗਿੱਛ ਕੀਤੀ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਦੋ ਮਾਲਕਾਂ ਵਿਚਕਾਰ ਝਗੜਾ ਸੀ, ਅਤੇ ਉਨ੍ਹਾਂ ਨੇ ਇੱਕ ਦੂਜੇ ਵਿਰੁੱਧ ਪੰਚਾਇਤ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਕਿਹਾ, ‘‘ਅਸੀਂ ਇਮਾਰਤ ਦਾ ਮੁਆਇਨਾ ਕੀਤਾ ਅਤੇ ਪਾਇਆ ਕਿ ਉਨ੍ਹਾਂ ਕੋਲ ਕਲੱਬ ਬਣਾਉਣ ਦੀ ਇਜਾਜ਼ਤ ਨਹੀਂ ਸੀ।’’ ਰੇੜਕਰ ਨੇ ਦਾਅਵਾ ਕੀਤਾ ਕਿ ਪੰਚਾਇਤ ਨੇ ਢਾਹੁਣ ਦਾ ਨੋਟਿਸ ਜਾਰੀ ਕੀਤਾ ਸੀ, ਜਿਸ 'ਤੇ ਪੰਚਾਇਤ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਰੋਕ ਲਗਾ ਦਿੱਤੀ ਸੀ। ਗੋਆ ਦੇ ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਦਾਅਵਾ ਕੀਤਾ ਕਿ ਨਾਈਟ ਕਲੱਬ ਨੂੰ ਲਾਇਸੈਂਸ ਸਥਾਨਕ ਪੰਚਾਇਤ ਵੱਲੋਂ ਬਿਨਾਂ ਕਿਸੇ ਦਸਤਾਵੇਜ਼ ਦੇ ਜਾਰੀ ਕੀਤਾ ਗਿਆ ਸੀ। ਸਾਵੰਤ ਨੇ ਕਿਹਾ ਕਿ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕੀਤੇ ਹਨ, ਅਤੇ ਬਿਨਾਂ ਇਜਾਜ਼ਤ ਦੇ ਕੰਮ ਕਰ ਰਹੇ ਕਲੱਬਾਂ ਅਤੇ ਜ਼ਿਆਦਾ ਭੀੜ-ਭੜੱਕੇ ਵਾਲੇ ਸਥਾਨਾਂ ਦਾ ਆਡਿਟ ਕੀਤਾ ਜਾਵੇਗਾ।
