ਗੋਆ ਨਾਈਟ ਕਲੱਬ ਅੱਗ ਮਾਮਲਾ: ਅਰਪੋਰਾ-ਨਾਗੋਆ ਦੇ ਸਰਪੰਚ ਪੁਲੀਸ ਸਾਹਮਣੇ ਪੇਸ਼
ਅਰਪੋਰਾ-ਨਾਗੋਆ ਦੇ ਸਰਪੰਚ ਰੋਸ਼ਨ ਰੇਡਕਰ 'ਬਿਰਚ ਬਾਈ ਰੋਮੀਓ ਲੇਨ' ਨਾਈਟ ਕਲੱਬ ਵਿੱਚ ਵਾਪਰੀ ਭਿਆਨਕ ਅੱਗ ਦੀ ਘਟਨਾ ਦੇ ਸਬੰਧ ਵਿੱਚ ਇੱਕ ਸਥਾਨਕ ਅਦਾਲਤ ਤੋਂ ਗ੍ਰਿਫ਼ਤਾਰੀ ਵਿਰੁੱਧ ਅੰਤਰਿਮ ਸੁਰੱਖਿਆ ਮਿਲਣ ਤੋਂ ਬਾਅਦ ਗੋਆ ਪੁਲੀਸ ਦੇ ਅੰਜੁਨਾ ਥਾਣੇ ਵਿੱਚ ਪੇਸ਼ ਹੋਏ ਹਨ।
ਰੇਡਕਰ ਅਤੇ ਤਤਕਾਲੀ ਪੰਚਾਇਤ ਸਕੱਤਰ ਰਘੁਵੀਰ ਬਾਗਕਰ ਨੇ ਵੀਰਵਾਰ ਨੂੰ ਪਣਜੀ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਪਹੁੰਚ ਕੀਤੀ ਸੀ, ਜਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਵਿਰੁੱਧ ਅੰਤਰਿਮ ਰਾਹਤ ਦਿੱਤੀ। ਅਦਾਲਤ ਨੇ ਉਨ੍ਹਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ 'ਤੇ ਸੁਣਵਾਈ ਸ਼ੁੱਕਰਵਾਰ ਲਈ ਮੁਲਤਵੀ ਕਰ ਦਿੱਤੀ ਹੈ।
ਸੂਬਾ ਸਰਕਾਰ ਨੇ ਬਾਗਕਰ ਦੇ ਨਾਲ ਦੋ ਹੋਰ ਅਧਿਕਾਰੀਆਂ ਸ਼ਮੀਲਾ ਮੋਂਟੇਰੋ (ਤਤਕਾਲੀ ਮੈਂਬਰ ਸਕੱਤਰ, ਗੋਆ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ) ਅਤੇ ਸਿੱਧੀ ਹਲਾਰਨਕਰ (ਤਤਕਾਲੀ ਪੰਚਾਇਤ ਡਾਇਰੈਕਟਰ) ਨੂੰ ਮੁਅੱਤਲ ਕਰ ਦਿੱਤਾ ਹੈ। ਰੇਡਕਰ ਗ੍ਰਿਫ਼ਤਾਰੀ ਵਿਰੁੱਧ ਅੰਤਰਿਮ ਰਾਹਤ ਦੇਣ ਵਾਲੇ ਅਦਾਲਤੀ ਹੁਕਮ ਦੇ ਨਾਲ ਵੀਰਵਾਰ ਰਾਤ ਨੂੰ ਅੰਜੁਨਾ ਪੁਲੀਸ ਸਾਹਮਣੇ ਪੇਸ਼ ਹੋਏ।
ਰੇਡਕਰ ਦੇ ਨਾਲ ਆਏ ਵਕੀਲ ਨੇ ਅੰਜੁਨਾ ਥਾਣੇ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਪੁਲਿਸ ਨੂੰ ਹੁਕਮ ਦੀ ਇੱਕ ਕਾਪੀ ਜਮ੍ਹਾਂ ਕਰਾਉਣ ਲਈ ਇੱਥੇ ਆਏ ਹਾਂ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਅਸੀਂ ਉਨ੍ਹਾਂ ਦੀ ਜਾਂਚ ਵਿੱਚ ਸਹਿਯੋਗ ਕਰ ਰਹੇ ਹਾਂ।”
ਉੱਤਰੀ ਗੋਆ ਦੇ ਅਰਪੋਰਾ ਪਿੰਡ ਵਿੱਚ 'ਬਿਰਚ ਬਾਈ ਰੋਮੀਓ ਲੇਨ' ਨਾਈਟ ਕਲੱਬ ਵਿੱਚ 6 ਦਸੰਬਰ ਦੀ ਅੱਧੀ ਰਾਤ ਦੇ ਕਰੀਬ ਲੱਗੀ ਭਿਆਨਕ ਅੱਗ ਵਿੱਚ ਸੈਲਾਨੀਆਂ ਸਮੇਤ 25 ਵਿਅਕਤੀ ਮਾਰੇ ਗਏ ਸਨ।
ਪੁਲੀਸ ਨੇ ਅਜੇ ਗੁਪਤਾ, ਜਿਸ ਨੇ ਨਾਈਟ ਕਲੱਬ ਵਿੱਚ ਖੁਦ ਨੂੰ ਸਾਈਲੈਂਟ ਪਾਰਟਨਰ ਅਤੇ ਨਿਵੇਸ਼ਕ ਦੱਸਿਆ, ਅਤੇ ਮਨੋਰੰਜਨ ਸਥਾਨ ਦੇ ਪੰਜ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਥਾਈਲੈਂਡ ਦੇ ਅਧਿਕਾਰੀਆਂ ਨੇ ਨਾਈਟ ਕਲੱਬ ਦੇ ਸਹਿ-ਮਾਲਕ ਗੌਰਵ ਅਤੇ ਸੌਰਭ ਲੂਥਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
