ਡਿਜੀਟਲ ਯੁੱਗ ਵਿੱਚ ਲੜਕੀਆਂ ਸਭ ਤੋਂ ਵੱਧ ਅਸੁਰੱਖਿਅਤ: ਚੀਫ ਜਸਟਿਸ
ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਡਿਜੀਟਲ ਯੁੱਗ ਵਿਚ ਲੜਕੀਆਂ ਸਭ ਤੋਂ ਵੱਧ ਅਸੁਰੱਖਿਅਤ ਹਨ। ਉਨ੍ਹਾਂ ਆਨਲਾਈਨ ਤੰਗ ਕਰਨ, ਸਾਈਬਰ ਬੁਲਿੰਗ, ਨਿੱਜੀ ਡੇਟਾ ਦੀ ਦੁਰਵਰਤੋਂ ਅਤੇ ਡੀਪਫੇਕ ਤਸਵੀਰਾਂ ਕਾਰਨ ਲੜਕੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਸੱਦਾ ਦਿੱਤਾ ਕਿ ਨੀਤੀ ਨਿਰਧਾਰਕਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵਿਸ਼ੇਸ਼ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਗਵਈ ਨੇ ਸੁਪਰੀਮ ਕੋਰਟ ਦੀ ਜੁਵੇਨਾਈਲ ਜਸਟਿਸ ਕਮੇਟੀ ਅਤੇ ਯੂਨੀਸੈਫ ਇੰਡੀਆ ਵਲੋਂ ਕਰਵਾਏ ਗਏ ਕੌਮੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਸੰਵਿਧਾਨਕ ਗਾਰੰਟੀ ਦੇ ਬਾਵਜੂਦ ਮੁੱਢਲੇ ਹੱਕਾਂ ਲਈ ਜੂਝਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਹੱਕਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ। ਚੀਫ ਜਸਟਿਸ ਨੇ ਕਿਹਾ, ‘‘ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਿਰਫ਼ ਉਸ ਦੇ ਸ਼ਰੀਰ ਦੀ ਰੱਖਿਆ ਕਰਨਾ ਨਹੀਂ ਹੈ ਸਗੋਂ ਉਸ ਦੀ ਆਤਮਾ ਨੂੰ ਆਜ਼ਾਦ ਕਰਨਾ ਹੈ। ਇਕ ਅਜਿਹਾ ਸਮਾਜ ਬਣਾਉਣਾ ਹੈ ਜਿਥੇ ਉਹ ਸਨਮਾਨ ਨਾਲ ਆਪਣਾ ਸਿਰ ਉੱਚਾ ਰੱਖ ਸਕੇ ਅਤੇ ਜਿਥੇ ਉਸ ਦੀਆਂ ਖਾਹਿਸ਼ਾਂ ਸਿੱਖਿਆ ਅਤੇ ਬਰਾਬਰੀ ਨਾਲ ਪੂਰੀਆਂ ਹੋਣ। ਸਾਨੂੰ ਮਰਦ ਪ੍ਰਧਾਨ ਰੀਤੀ-ਰਿਵਾਜਾਂ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਉਨ੍ਹਾਂ ’ਤੇ ਜਿੱਤ ਹਾਸਲ ਕਰਕੇ ਲੜਕੀਆਂ ਨੂੰ ਢੁੱਕਵਾਂ ਸਥਾਨ ਦੇਣਾ ਪਵੇਗਾ।’’ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਦੀ ਕਵਿਤਾ ‘ਵੇਅਰ ਦਿ ਮਾਈਂਡ ਇਜ਼ ਵਿਦਾਊਟ ਫੀਅਰ’ ਨੂੰ ਚੇਤੇ ਕਰਦਿਆਂ ਜਸਟਿਸ ਗਵਈ ਨੇ ਕਿਹਾ ਕਿ ਇਸ ’ਚ ਬਾਲੜੀਆਂ ਦੀ ਸੁਰੱਖਿਆ ਲਈ ਜੋ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦਾ ਸਾਰ ਹੈ।
ਉਨ੍ਹਾਂ ਕਿਹਾ ਕਿ ਇਹ ਸੁਪਨਾ ਉਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਮੁਲਕ ’ਚ ਕੋਈ ਵੀ ਲੜਕੀ ਡਰ ਦੇ ਮਾਹੌਲ ’ਚ ਰਹੇਗੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਦੀ ਹਾਜ਼ਰ ’ਚ ਚੀਫ਼ ਜਸਟਿਸ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ, ਸਿਹਤ ਮਾਹਿਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਲੜਕੀਆਂ ਦੀਆਂ ਮੁਸ਼ਕਲਾਂ ਦਾ ਸੰਜੀਦਗੀ ਨਾਲ ਹੱਲ ਕੱਢ ਸਕਣ। ਜਸਟਿਸ ਜੇ ਬੀ ਪਾਰਦੀਵਾਲਾ ਨੇ ਕਿਹਾ ਕਿ ਹਰੇਕ ਲੜਕੀ ਨੂੰ ਆਪਣੀ ਮਰਜ਼ੀ ਨਾਲ ਜਿਊਣ ਦਾ ਪੂਰਾ ਹੱਕ ਹੈ ਅਤੇ ਭਰੂਣ ਹੱਤਿਆ ਅਤੇ ਬਾਲ ਵਿਆਹ ਜਿਹੀਆਂ ਬੁਰਾਈਆਂ ਦੂਰ ਹੋਣੀਆਂ ਚਾਹੀਦੀਆਂ ਹਨ। ਜਸਟਿਸ ਪਾਰਦੀਵਾਲਾ ਨੇ ਸੁਪਰੀਮ ਕੋਰਟ ਦੇ ਖੋਜ ਅਤੇ ਯੋਜਨਾ ਕੇਂਦਰ ਵੱਲੋਂ ਤਿਆਰ ‘ਬਾਲਾਂ ਦੇ ਹੱਕ ਅਤੇ ਕਾਨੂੰਨ’ ਬਾਰੇ ਇਕ ਕਿਤਾਬਚਾ ਵੀ ਜਾਰੀ ਕੀਤਾ।
ਕੁਝ ਸੂਬਿਆਂ ’ਚ ਲਿੰਗ ਅਨੁਪਾਤ ਚਿੰਤਾਜਨਕ: ਜਸਟਿਸ ਨਾਗਰਤਨਾ
ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਜੱਜ ਬੀ ਵੀ ਨਾਗਰਤਨਾ ਨੇ ਆਪਣੇ ਸੰਬੋਧਨ ਦੌਰਾਨ ਕੁਝ ਸੂਬਿਆਂ ’ਚ ਵਿਗੜ ਰਹੇ ਲਿੰਗ ਅਨੁਪਾਤ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਜਾਂ ਬਾਅਦ ’ਚ ਕਤਲ ਕੀਤਾ ਜਾ ਰਿਹਾ ਹੈ ਜੋ ਬੇਹਦ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਹਕੀਕਤ ਹੈ ਕਿ ਬਹੁਤ ਸਾਰੇ ਪਰਿਵਾਰ ਇਸ ਗੱਲ ਤੋਂ ਨਿਰਾਸ਼ਾ ਮਹਿਸੂਸ ਕਰਦੇ ਹਨ ਕਿ ਘਰ ’ਚ ਮੁੰਡਾ ਹੋਣ ਦੀ ਬਜਾਏ ਕੁੜੀ ਹੋਈ ਹੈ। ਹਾਲਾਂਕਿ ਉਨ੍ਹਾਂ ਬਹੁਤ ਸਾਰੇ ਰਾਜਾਂ ’ਚ ਲਿੰਗ ਅਨੁਪਾਤ ਵਿੱਚ ਸੁਧਾਰ ਦੀ ਵੀ ਸ਼ਲਾਘਾ ਕੀਤੀ ਹੈ। -ਪੀਟੀਆਈ