ਘੱਗਰ ਦੀ ਚਾਲ ਸੁਸਤ, ਸਿਆਸੀ ਹੜ੍ਹ ਤੇਜ਼
ਘੱਗਰ ਦਰਿਆ ਦਾ ਖ਼ਤਰਾ ਭਾਵੇਂ ਟਲ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਹਾਲੇ ਕੀੜੀ ਦੀ ਚਾਲ ਵਾਂਗ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਘੱਗਰ ਨੂੰ ਖ਼ਾਲੀ ਹੋਣ ’ਤੇ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗੇਗਾ। ਘੱਗਰ ’ਚ ਹੁਣ ਪਾਣੀ ਨਾ ਘਟਿਆ ਹੈ ਅਤੇ ਨਾ ਹੀ ਵਧਿਆ ਹੈ। ਪੰਜਾਬ ’ਚ ਜਿਵੇਂ ਹੀ ਹੜ੍ਹਾਂ ਦੀ ਮਾਰ ਨੂੰ ਠੱਲ੍ਹ ਪਈ ਤਾਂ ਰਾਹਤ ਫੰਡਾਂ ਨੂੰ ਲੈ ਕੇ ਸਿਆਸੀ ਆਗੂ ਆਪਣਾ ਰੰਗ ਦਿਖਾਉਣ ਲੱਗ ਪਏ ਹਨ। ਸਿਆਸੀ ਠਿੱਬੀ ਲਾਉਣ ਲਈ ਆਗੂ ਮੈਦਾਨ ’ਚ ਉੱਤਰ ਆਏ ਹਨ ਜਦੋਂ ਕਿ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਤਬਕੇ ਹਾਲੇ ਵੀ ਰਾਹਤ ਕੰਮਾਂ ’ਚ ਜੁਟੇ ਹੋਏ ਹਨ। ਸਿਆਸੀ ਧਿਰਾਂ ਨੇ ਆਪਣਾ ਮੁਹਾਣ ਸਿਆਸਤ ’ਤੇ ਕੇਂਦਰਤ ਕਰ ਲਿਆ ਹੈ।
ਜਲ ਸਰੋਤ ਵਿਭਾਗ ਨੇ ਮੁਲਾਂਕਣ ਕੀਤਾ ਹੈ ਕਿ ਘੱਗਰ ’ਚ ਪਾਣੀ ਉੱਤਰਨ ਨੂੰ ਹਾਲੇ ਇਕ ਹਫ਼ਤਾ ਹੋਰ ਲੱਗ ਸਕਦਾ ਹੈ। ਘੱਗਰ ’ਚ ਕੁੱਲ 4.50 ਲੱਖ ਕਿਊਸਕ ਪਾਣੀ ਆਇਆ ਸੀ ਜਿਸ ’ਚੋਂ ਕਰੀਬ ਇੱਕ ਲੱਖ ਕਿਊਸਕ ਹਾਲੇ ਵੀ ਚੱਲ ਰਿਹਾ ਹੈ। ਮੂਨਕ ਨੇੜੇ ਮਕਰੋੜ ਸਾਹਿਬ ਕੋਲ ਪਾਣੀ ਦੀ ਨਿਕਾਸੀ ਸਿਰਫ਼ ਨੌਂ ਹਜ਼ਾਰ ਕਿਊਸਕ ਦੀ ਹੈ ਜਿਸ ਕਰਕੇ ਘੱਗਰ ਦੇ ਉੱਤਰਨ ’ਤੇ ਸਮਾਂ ਲੱਗ ਸਕਦਾ ਹੈ। ਸਰਦੂਲਗੜ੍ਹ ਕੋਲ ਘੱਗਰ ’ਚ 10 ਹਜ਼ਾਰ ਕਿਊਸਕ ਪਾਣੀ ਦੀ ਕਮੀ ਆਈ ਹੈ। ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਜਿਉਂ ਦਾ ਤਿਉਂ ਹੈ।
ਵੇਰਵਿਆਂ ਅਨੁਸਾਰ ਘੱਗਰ ’ਚ ਪਿਛਲੇ ਦਿਨਾਂ ’ਚ ਪਾਣੀ ਇਕਦਮ ਚੜ੍ਹਿਆ ਸੀ ਪ੍ਰੰਤੂ ਨੁਕਸਾਨ ਤੋਂ ਬਚਾਅ ਰਿਹਾ। ਬੇਸ਼ੱਕ ਕਈ ਥਾਵਾਂ ਤੋਂ ਘੱਗਰ ਓਵਰਫਲੋਅ ਹੋਈ ਸੀ ਜਿਸ ਕਾਰਨ ਪਾਣੀ ਖੇਤਾਂ ’ਚ ਚਲਾ ਗਿਆ ਸੀ ਪਰ ਕਿਸੇ ਵੱਡੇ ਨੁਕਸਾਨ ਨੂੰ ਇਸ ਵਾਰ ਟਾਲਿਆ ਜਾ ਸਕਿਆ ਹੈ। ਇਸੇ ਤਰ੍ਹਾਂ ਸਤਲੁਜ ’ਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਗਿੱਦੜਪਿੰਡੀ ਕੋਲ ਸਿਰਫ਼ 60 ਹਜ਼ਾਰ ਕਿਊਸਕ ਪਾਣੀ ਦਾ ਵਹਾਅ ਰਹਿ ਗਿਆ ਹੈ। ਮੌਸਮ ਵਿਭਾਗ ਨੇ ਵੀ ਫ਼ਿਲਹਾਲ ਕੋਈ ਅਲਰਟ ਨਹੀਂ ਦਿੱਤਾ ਹੈ। ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ ਹੁਣ ਨਵੀਂ ਬਿਪਤਾ ਤੋਂ ਬਚਾਅ ਹੀ ਰਹੇਗਾ। ਡੈਮਾਂ ਅਤੇ ਦਰਿਆਵਾਂ ’ਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1677 ਫੁੱਟ ’ਤੇ ਆ ਗਿਆ ਹੈ ਅਤੇ ਪਹਾੜਾਂ ’ਚੋਂ ਵੀ ਸਿਰਫ਼ 45 ਹਜ਼ਾਰ ਕਿਊਸਕ ਪਾਣੀ ਆ ਰਿਹਾ ਹੈ ਜਦੋਂ ਕਿ ਸਤਲੁਜ ’ਚ 50 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ’ਚ ਪਾਣੀ ਦਾ ਪੱਧਰ 1390.33 ਫੁੱਟ ਰਹਿ ਗਿਆ ਹੈ। ਇਸ ਡੈਮ ’ਚ 35 ਹਜ਼ਾਰ ਕਿਊਸਕ ਪਾਣੀ ਆ ਰਿਹਾ ਹੈ ਅਤੇ ਏਨਾ ਪਾਣੀ ਹੀ ਹੇਠਾਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਚ 10 ਹਜ਼ਾਰ ਕਿਊਸਕ ਪਾਣੀ ਦੀ ਕਟੌਤੀ ਕੀਤੀ ਗਈ ਹੈ। ਰਣਜੀਤ ਸਾਗਰ ਡੈਮ ’ਚੋਂ ਇਸ ਵੇਲੇ 12,809 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਹਰੀਕੇ ਕੋਲ 1.57 ਲੱਖ ਕਿਊਸਕ ਪਾਣੀ ਰਹਿ ਗਿਆ ਹੈ ਜੋ ਕੁੱਝ ਦਿਨ ਪਹਿਲਾਂ ਤੱਕ 3.25 ਲੱਖ ਕਿਊਸਕ ਤੱਕ ਸੀ। ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੇ ਪਿੰਡਾਂ ’ਚ ਪਾਣੀ ਦਾ ਨਿਕਾਸ ਹੋ ਰਿਹਾ ਹੈ। ਅਜਨਾਲਾ ਖੇਤਰ ਦੇ ਪਿੰਡਾਂ ’ਚ ਵੀ ਪਾਣੀ ਲਗਾਤਾਰ ਉੱਤਰ ਰਿਹਾ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ ’ਚ ਸਥਿਤੀ ਕੰਟਰੋਲ ਹੇਠ ਹੈ। ਸਿਹਤ ਮਹਿਕਮੇ ਨੇ ਪਿੰਡਾਂ ਵਿੱਚ ਮੁਸਤੈਦੀ ਵਧਾ ਦਿੱਤੀ ਹੈ ਕਿਉਂਕਿ ਹੁਣ ਨਵਾਂ ਖ਼ਤਰਾ ਬਿਮਾਰੀਆਂ ਦੀ ਚੁਣੌਤੀ ਦਾ ਹੈ।