ਚਿੱਤਰਕਲਾ ਤੇ ਪੁਸਤਕ ਪ੍ਰਦਰਸ਼ਨੀ ਨਾਲ ਗ਼ਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼
ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਿਤ 34ਵਾਂ ਤਿੰਨ ਰੋਜ਼ਾ ‘ਮੇਲਾ ਗ਼ਦਰੀ ਬਾਬਿਆਂ ਦਾ’ ਅੱਜ ਉਤਸ਼ਾਹ ਨਾਲ ਸ਼ੁਰੂ ਹੋਇਆ। ਪੁਸਤਕ ਮੇਲੇ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਤੇ ਲਖਨਊ ਤੋਂ ਕਰੀਬ 80 ਤੋਂ ਵੱਧ ਪੁਸਤਕ ਸਟਾਲਾਂ ਲੱਗੀਆਂ, ਜਿਨ੍ਹਾਂ ’ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਬੇਹਤਰੀਨ ਕਿਤਾਬਾਂ ਸਜਾਈਆਂ ਗਈਆਂ ਹਨ। ਚਿੱਤਰਕਲਾ ਅਤੇ ਫੋਟੋ ਪ੍ਰਦਰਸ਼ਨੀ ਦੇ ਉਦਘਾਟਨ ਕਰਨ ਦੀ ਰਸਮ ਕਲਾਕਾਰ ਸਾਥੀਆਂ ਇੰਦਰਜੀਤ ਸਿੰਘ ਆਰਟਿਸਟ ਜਲੰਧਰ, ਮੰਜ਼ਿਲ ਯਰਫ਼, ਗੁਰਦੀਸ਼ ਪੰਨੂ, ਗੁਰਪ੍ਰੀਤ ਸਿੰਘ ਬਠਿੰਡਾ, ਰਵਿੰਦਰ ਰਵੀ ਲੁਧਿਆਣਾ, ਗੀਤ ਆਰਟ, ਵਰੁਣ ਟੰਡਨ, ਇੰਦਰਜੀਤ ਸਿੰਘ ਮਾਨਸਾ, ਕੰਵਰਦੀਪ ਸਿੰਘ ਥਿੰਦ, ਸੁਖਵਿੰਦਰ ਸਿੰਘ, ਮਨਜੀਤ ਕੌਰ, ਸੋਹਣ ਲਾਲ, ਪਾਰਸ, ਕੁਲਜੀਤ ਹੀਰ, ਧਰਮਿੰਦਰ ਮੁਕੇਰੀਆਂ, ਡਾ. ਸੈਲੇਸ਼ ਨੇ ਨਿਭਾਈ। ਇਹ ਪ੍ਰਦਰਸ਼ਨੀ ਫ਼ਲਸਤੀਨੀਆਂ ਦੀ ਨਸਲਕੁਸ਼ੀ ਅਤੇ ਲਾਮਿਸਾਲ ਸੰਗਰਾਮ ਨੂੰ ਦਰਸਾਉਂਦੀ ਸੀ। ਇਸ ਮਗਰੋਂ ਇੰਗਲੈਂਡ ਤੋਂ ਆਏ ਸਾਥੀਆਂ ਕੁਲਬੀਰ ਸੰਘੇੜਾ, ਤਾਰੀ ਅਟਵਾਲ, ਸ਼ੀਰਾ ਜੌਹਲ, ਸੁਰਿੰਦਰਪਾਲ ਵਿਰਦੀ, ਲਵਕੇਸ਼ ਪਰਾਸ਼ਰ, ਭਗਵੰਤ ਸਿੰਘ, ਬਲਬੀਰ ਕੌਰ, ਅੰਬਰ, ਸੁਰਿੰਦਰ ਕੌਰ, ਕੁਲਵੰਤ ਸਿੰਘ ਕਮਲ, ਹਰਪਿੰਦਰ ਸਿੰਘ, ਜਸਵਿੰਦਰ ਕੌਰ, ਜਗਰੂਪ ਸਿੰਘ, ਤਜਿੰਦਰ ਕੌਰ, ਭਾਰਤ ਭੂਸ਼ਣ, ਹਰਜੀਤ ਸਿੰਘ ਕਾਹਮਾ, ਚਰਨਜੀਵ ਕੌਰ, ਕੈਪਟਨ ਨਈਅਰ, ਲੱਖਾ ਸਿੰਘ, ਰਾਜਿੰਦਰ ਦੁੱਲੇ, ਬਲਜੀਤ ਕੌਰ, ਜਸਵੀਰ ਕੌਰ ਤੇ ਕੁਲਦੀਪ ਕੌਰ ਸਮੇਤ ਗ਼ਦਰ ਲਹਿਰ ਦੇ ਵਾਰਸਾਂ ਨਾਲ ਰੂਬਰੂ ਕੀਤਾ ਗਿਆ। ‘ਪੁਸਤਕ ਸੱਭਿਆਚਾਰ ਦੀ ਸ਼ਾਮ; ਪਾਬੰਦੀਸ਼ੁਦਾ ਪੁਸਤਕਾਂ ਦੇ ਨਾਮ’ ਸੈਸ਼ਨ ਦੇ ਸੰਚਾਲਕ ਹਰਵਿੰਦਰ ਭੰਡਾਲ ਨੇ ਸੈਸ਼ਨ ਦੀ ਮਹੱਤਤਾ ’ਤੇ ਰੌਸ਼ਨੀ ਪਾਈ। ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਜੀ ਆਇਆਂ ਕਿਹਾ। ਕਮੇਟੀ ਮੈਂਬਰ ਗੁਰਮੀਤ ਸਿੰਘ ਨੇ ਹਰਜਿੰਦਰ ਸਿੰਘ ਅਟਵਾਲ ਦੇ ਵਿਛੋੜੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਿਤਾਬਾਂ ’ਤੇ ਪਾਬੰਦੀ ਲਾਉਣਾ ਗੰਭੀਰ ਹੈ ਅਤੇ ਇਸ ਦੇ ਭਵਿੱਖ਼ ਵਿੱਚ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ। ਕਿਤਾਬਾਂ ’ਤੇ ਪਾਬੰਦੀ ਤੇ ਪੱਤਰਕਾਰ ਮਨਦੀਪ ਧਾਲੀਵਾਲ ਰਸੂਲਪੁਰ ਨੂੰ ਨਸ਼ਾ ਤਸਕਰਾਂ ਅਤੇ ਪੁਲੀਸ ਕੋਲੋਂ ਧਮਕੀਆਂ ਮਿਲਣ ਦੀਆਂ ਕੜੀਆਂ ਸਮਝਣ ਦੀ ਲੋੜ ਹੈ। ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਕਮੇਟੀ ਅਤੇ ਮੇਲਾ ਗ਼ਦਰੀ ਬਾਬਿਆਂ ਦਾ ਗ਼ਦਰੀ ਦੇਸ਼ ਭਗਤਾਂ ਦੇ ਦਰਸਾਏ ਮਾਰਗ ’ਤੇ ਅਡੋਲ ਹੋ ਕੇ ਸਫ਼ਰ ’ਤੇ ਰਹੇਗਾ।
 
 
             
            